ਆਮ ਆਦਮੀ ਪਾਰਟੀ ਨੇ ਬਾਦਲਾਂ ਦੇ ਗੜ੍ਹ ਲੰਬੀ ਵਿਖੇ ਵੱਡੀ ਰੈਲੀ ਕਰਕੇ ਆਪਣਾ ਝੰਡਾ ਗੱਡਿਆ
Templates by BIGtheme NET

ਆਮ ਆਦਮੀ ਪਾਰਟੀ ਨੇ ਬਾਦਲਾਂ ਦੇ ਗੜ੍ਹ ਲੰਬੀ ਵਿਖੇ ਵੱਡੀ ਰੈਲੀ ਕਰਕੇ ਆਪਣਾ ਝੰਡਾ ਗੱਡਿਆ

Must Share With Your Friends...!

ਸੱਤਾ ਤੇ ਪਰਿਵਾਰਵਾਦ ਦਾ ਕਬਜਾ ਖਤਮ ਕਰਕੇ ਆਮ ਆਦਮੀ ਦੇ ਹਵਾਲੇ ਕਰਨ ਦੀ ਲੋੜ – ਭਗਵੰਤ ਮਾਨ
ਮਲੋਟ, (ਆਰਤੀ ਕਮਲ) : ਆਮ ਆਦਮੀ ਪਾਰਟੀ ਅੱਜ ਮੁੱਖ ਮੰਤਰੀ ਪੰਜਾਬ ਦੇ ਆਪਣੇ ਵਿਧਾਨ ਸਭਾ ਹਲਕੇ ਲੰਬੀ ਅਤੇ ਬਾਦਲਾਂ ਦੇ ਘਰ ਵਿਚ ਇਕ ਵੱਡੀ ਰੈਲੀ ਕਰਕੇ 2017 ਦੇ ਚੋਣ ਅਖਾੜੇ ਵਿਚ ਆਪਣੀ ਬਰਾਬਰ ਦੀ ਮੌਜੂਦਗੀ ਦਾ  ਝੰਡਾ ਗੱਡਣ ਵਿਚ ਕਾਮਯਾਬ ਹੁੰਦੀ ਨਜਰ ਆਈ । ਆਪ ਦੀ ਇਸ ਰੈਲੀ ਨੇ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਦੇ ਦਿੱਗਜਾਂ ਨੂੰ 2017 ਦੇ ਸਮੀਕਰਨਾਂ ਲਈ ਇਕ ਵਾਰ ਫਿਰ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ ।   ਇਸ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਅਤੇ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇਸ਼ ਭਰ ਦੇ ਨਾਲ ਨਾਲ ਪੰਜਾਬ ਅੰਦਰ ਵੀ ਨੌਜਵਾਨ ਪੀੜੀ ਪੂਰੀ ਤਰਾਂ  ਆਪ ਪਾਰਟੀ ਨਾਲ ਜੁੜ ਚੁੱਕੀ ਹੈ ।

ਪੰਜਾਬ ਦੀ ਸੱਤਾ ਤੇ ਲੰਬੇ ਸਮੇਂ ਤੋਂ ਕਾਬਜ ਕਾਂਗਰਸ ਅਤੇ ਅਕਾਲੀ ਭਾਜਪਾ ਗੱਠਜੋੜ ਵਰਗੀਆਂ ਭ੍ਰਿਸ਼ਟ ਪਾਰਟੀਆਂ ਤੋਂ ਅੱਜ ਹਰ ਪੰਜਾਬੀ ਆਪਣਾ ਖਹਿੜਾ ਛਡਾਉਣ ਲਈ ਹਰ ਯਤਨ ਕਾਹਲੀ ਹੈ । ਉਹਨਾਂ ਕਿਹਾ ਕਿ ਅੱਜ ਦੀ ਰੈਲੀ ਵਿਚ ਮਿਲੇ ਥੋਡੇ ਅਥਾਹ ਪਿਆਰ ਸਦਕਾ ਉਹ ਇਹ ਦਾਅਵਾ ਕਰ ਸਕਦੇ ਹਨ ਕਿ ਅੱਜ ਆਪ ਨੇ ਲੰਬੀ ਹਲਕੇ ਦੇ ਲੋਕਾਂ ਦਾ ਪਿਆਰ ਜਿੱਤ ਲਿਆ ਹੈ ਅਤੇ ਹੁਣ ਬਾਦਲਾਂ ਦੇ ਬਾਕੀ ਹਲਕਿਆਂ ਵਿਚ ਵੀ ਰੈਲੀਆਂ ਕਰਕੇ ਇਹਨਾਂ ਦਾ ਹੰਕਾਰ ਜਲਦ ਖਤਨ ਕੀਤਾ ਜਾਵੇਗਾ ।  ਕਿਸਾਨਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਰਕਾਰੀ ਸ਼ਹਿ ਤੇ ਖੁਦ ਖੇਤੀਬਾੜੀ ਮੰਤਰੀ ਅਤੇ ਖੇਤੀ ਮਹਿਕਮੇ ਦੇ ਉਚ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਕਾਰਨ ਅੱਜ ਨਰਮੇ ਦੀ ਫਸਲ ਬਰਬਾਦ ਹੋਈ ਹੈ ਅਤੇ ਖਾਮਿਆਜਾ ਕਿਸਾਨ ਭੁਗਤ ਰਿਹਾ ਹੈ ਪਰ ਮੁੱਖ ਮੰਤਰੀ ਤੇ ਬਾਦਲ ਪਰਿਵਾਰ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ । ਉਹਨਾਂ ਕਿਹਾ ਕਿ ਸੂਬੇ ਅੰਦਰ ਨਕਲੀ ਦਵਾਈਆਂ ਤੇ ਬੀਜ ਲਿਆ ਕੇ ਕਿਸਾਨ ਦਾ ਲੱਕ ਤੋੜਣ ਵਾਲੇ ਖੇਤੀਬਾੜੀ ਮੰਤਰੀ ਅਤੇ ਭਿਸ਼ਟ ਅਫਸਰਾਂ ਦੀ ਨਿਰਪੱਖ ਜਾਂਚ ਕਰਵਾ ਕੇ ਸਖਤ ਸਜਾ ਦਿੱਤੀ ਜਾਵੇ  ਤਾਂ ਜੋ ਕਿਸਾਨਾਂ ਦੇ ਦਿਲਾਂ ਅੰਦਰ ਕੁਝ ਠੰਡ ਪੈ ਸਕੇ  । ਭਗਵੰਤ ਮਾਨ ਨੇ  ਸਿੱਧਾ ਕਿਹਾ ਕਿ ਅੱਜ ਪੰਜਾਬ ਅੰਦਰ ਰੇਤ ਦਾ ਕਾਰੋਬਾਰ, ਨਸ਼ੇ ਦਾ ਕਾਰੋਬਾਰ ਅਤੇ ਹੋਰ ਗੈਰ ਕਾਨੂੰਨੀ ਧੰਦੇ ਸੱਤਾ ਦੀ ਸਰਪ੍ਰਸਤੀ ਹੇਠ ਵੱਡੀ ਤਦਾਦ ਵਿਚ ਹੋ ਰਹੇ ਹਨ ਅਤੇ ਭੋਲੀ ਭਾਲੀ ਜਨਤਾ ਨੂੰ ਲੁੱਟਿਆ ਜਾ ਰਿਹਾ ਹੈ । ਪੰਜਾਬ ਦਾ ਨੌਜਵਾਨ ਬੇਰੁਜਗਾਰੀ ਕਾਰਨ ਨਸ਼ਿਆਂ ਦੀ ਦਲਦਲ ਵਿਚ ਗਿਰਦਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਕਦੇ ਪੰਜਾਬ ਨੂੰ ਹਰੀ ਕਰਾਂਤੀ ਅਤੇ ਪੰਜਾਬ ਦੇ ਪਿੰਡਾ ਨੂੰ ਜੋਧਿਆਂ, ਪੀਰਾਂ ਤੇ ਸ਼ਹੀਦਾਂ ਦੇ ਨਾਂ ਤੇ ਜਾਣਿਆ ਜਾਂਦਾ ਸੀ ਪਰ ਅੱਜ ਪੰਜਾਬ ਦੇ ਪਿੰਡਾਂ ਦਾ ਨਾਂ ਸਮੈਕੀਆਂ, ਲੁਟੇਰਿਆਂ ਤੇ ਨਸ਼ੇੜੀਆਂ ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ ਜਿਸ ਨਾਲ ਪੰਜਾਬ ਦੀ ਸਾਖ ਨੂੰ ਬਾਕੀ ਸੂਬਿਆਂ ਦੇ ਮੁਕਾਬਲੇ ਵੱਡੀ ਧਾਕ ਲੱਗੀ ਹੈ । ਉਹਨਾਂ ਤੋਂ ਇਲਾਵਾ ਆਪ ਪਾਰਟੀ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਰੈਲੀ ਤੋਂ ਪਤਾ ਲੱਗ ਰਿਹਾ ਹੈ ਕਿ 2017 ਤੋਂ ਪਹਿਲਾਂ ਹੀ ਬਾਦਲਾਂ ਦਾ ਰਾਜ ਪੰਜਾਬ ਵਿਚੋ ਖਤਮ ਹੋਣ ਜਾ ਰਿਹਾ ਹੈ ਜਿਸ ਨਾਲ ਆਮ ਜਨਤਾ ਨੂੰ ਵੱਡੀ ਰਾਹਤ ਮਿਲੇਗੀ । ਉਹਨਾਂ ਕਿਹਾ ਕਿ ਹੁਣ ਤੱਕ ਦੇਸ਼ ਅਤੇ ਸੂਬੇ ਤੇ ਪਰਿਵਾਰਵਾਦ ਦਾ ਰਾਜ ਹੀ ਰਿਹਾ ਹੈ । ਪੰਜਾਬ ਅੰਦਰ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਕੈਬਨਿਟ ਮੰਤਰੀ ਅਤੇ ਕੇਂਦਰ ਵਿਚ ਇਕੋ ਪਰਿਵਾਰ ਦੇ ਸਾਰੇ ਮੈਂਬਰ ਸੱਤਾ ਤੇ ਕਾਬਜ ਹਨ ਜਿਸ ਪਰੰਪਰਾ ਨੂੰ ਬਦਲਣ ਦੀ ਲੋੜ ਹੈ ਅਤੇ ਸੱਤਾ ਆਮ ਆਦਮੀ ਦੇ ਹੱਥ ਦੇਣ ਨਾਲ ਹੀ ਸਮੱਸਿਆਵਾਂ ਦਾ ਖਾਤਮਾ ਹੋ ਸਕਦਾ ਹੈ ।  ਉਹਨਾਂ ਕਿਹਾ ਕਿ ਆਪ ਦੀ ਸਰਕਾਰ ਬਣਨ ਤੇ ਲੋਕਾਂ ਦੀ ਪੁਲਿਸ ਥਾਣਿਆਂ ਵਿਚ ਖੱਜਲ ਖੁਆਰੀ ਨਹੀ ਹੋਵੇਗੀ ਤੇ ਗੁੰਡੀ ਅਨਸਰਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ । ਜੋ ਪੰਜਾਬ ਹੁਣ ਦੇਸ਼ ਅੰਦਰ ਸਤਾਰਵੇ ਨੰਬਰ ਤੇ ਪੁੱਜ ਚੁੱਕਾ ਹੈ ਉਸ ਨੂੰ ਮਿਹਨਤ ਨਾਲ ਪਹਿਲੇ ਨੰਬਰ ਤੇ ਲਿਆਂਦਾ ਜਾਵੇਗਾ ਤੇ ਪੰਜਾਬ ਦੁਨੀਆ ਵਿਚ ਇਕ ਸ਼ਾਨ ਹੋਵੇਗਾ । ਇਸ ਮੌਕੇ ਮੈਂਬਰ ਪਾਰਲੀਮੈਂਟ ਸਾਧੂ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਕ ਵੱਡਾ ਹੰਬਲਾ ਮਾਰਨ ਦੀ ਲੋੜ ਹੈ ਤਾਂ ਹੀ ਜਨਤਾ ਸੂਬੇ ਤੇ ਵਾਰੋ ਵਾਰੀ ਕਾਬਜ ਹੋ ਰਹੀਆਂ ਕਾਂਗਰਸ ਤੇ ਅਕਾਲੀਭਾਜਪਾ ਗੱਠਜੋੜ ਪਾਰਟੀਆਂ ਤੋਂ ਪਿੱਛਾ ਛੁਡਾ ਸਕੇਗਾ ।  ਉਹਨਾਂ ਕਿਹਾ ਕਿ ਅੱਜ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ ਕਿਉਂਕਿ ਅੱਜ ਸਰਕਾਰ ਅਤੇ ਅਫਸਰਸ਼ਾਹੀ ਦੋਹੇਂ ਹੀ ਭ੍ਰਿਸ਼ਟ ਹੋ ਚੁੱਕੇ ਹਨ ਤੇ ਆਮ ਆਦਮੀ ਇਨਸਾਫ ਲਈ ਦਰ ਦਰ ਭਟਕ ਰਿਹਾ ਹੈ । ਲੋਕ ਸਭਾ ਮੈਂਬਰ ਸੁੱਚਾ ਸਿੰਘ ਛੋਟੇਪੁਰ ਨੇ ਬੋਲਦਿਆਂ ਕਿਹਾ ਕਿ ਆਮ ਕਿਸਾਨ ਦਾ ਵਾਸਤਾ ਜਮੀਨ ਜਾਇਦਾਦ ਨਾਲ ਹੁੰਦਾ ਹੈ  ਪਰ ਬਾਦਲ ਪਰਿਵਾਰ ਇਕ ਕਿਸਾਨ ਹੁੰਦਿਆ ਹੋਇਆ ਵੀ ਹੋਟਲਾਂ ਤੇ ਮਾਡਲਾਂ ਸਮੇਤ ਵੱਡੇ ਵੱਡੇ ਕਾਰੋਬਾਰਾਂ ਨਾਲ ਜੁੜ ਕੇ ਲੋਕਾਂ ਦਾ ਪੈਸਾ ਖੁਦ ਹੜੱਪ ਕਰ ਰਿਹਾ ਹੈ ਜਿਸ ਨੂੰ ਜੇਕਰ ਸਮੇਂ ਸਿਰ ਠੱਲ ਨਾ ਪਾਈ ਗਈ ਤਾਂ ਇਹ ਪੰਜਾਬ ਲਈ ਇਕ ਬਹੁਤ ਵੱਡਾ ਘਾਤਕ ਸਮਾਂ ਸਾਬਤ ਹੋਵੇਗਾ । ਇਸ ਲਈ ਲੋੜ ਹੈ ਲੋਕਾਂ ਨੂੰ ਖੁੱਦ ਅੱਗੇ ਆ ਕੇ ਇਹਨਾਂ ਸੱਤਾਧਾਰੀ ਲੁਟੇਰਿਆਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਲੋਕ ਸੱਤਾ ਅੱਗੇ ਲਿਆਉਣ ਦੀ । ਇਸ ਮੌਕੇ ਆਪ ਪਾਰਟੀ ਮਹਿਲਾ ਵਿੰਗ ਦੀ ਇੰਚਾਰਜ ਬੀਬੀ ਬਲਜਿੰਦਰ ਕੌਰ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ 2008 ਵਿਚ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਕਸਮ ਖਾਧੀ ਸੀ ਕਿ ਉਹ ਨੰਨ੍ਹੀ ਛਾਂ ਅਤੇ ਰੁੱਖਾਂ ਦੀ ਰਾਖੀ ਕਰੇਗੀ ਪਰ ਅੱਜ ਨੰਨ੍ਹੀਆਂ ਛਾਵਾਂ ਨੂੰ ਕੁੱਟਿਆ ਜਾ ਰਿਹਾ ਹੈ ਅਤੇ ਸੜਕਾਂ ਤੇ ਲੱਗੇ ਰੁੱਖਾਂ ਨੂੰ ਅੰਨ੍ਹੇਵਾਹ ਪੁੱਟਿਆ ਜਾ ਰਿਹਾ ਹੈ । ਉਹਨਾਂ ਕਿਸਾਨ ਭਰਾਵਾਂ ਨੂੰ ਇਕ ਭਰੋਸਾ ਦਿੰਦਿਆਂ ਵਾਅਦਾ ਕੀਤਾ ਕਿ ਪਾਰਟੀ ਦੀ ਸਰਕਾਰ ਆਉਣ ਤੇ ਜਿਹਨਾਂ ਦੀ ਨਲਾਇਕੀ ਕਾਰਨ ਨਰਮੇ ਦੀ ਫਸਲ ਬਰਬਾਦ ਹੋਈ ਹੈ ਉਸ ਅਧਿਕਾਰੀ ਸਮੇਤ ਉਹਨਾਂ ਅਧਿਕਾਰੀਆਂ ਦੀ ਸ਼ਿਫਾਰਿਸ਼ ਕਰਨ ਵਾਲੇ ਕਿਸੇ ਆਗੂ ਨੂੰ ਬਖਸ਼ਿਆ ਨਹੀ ਜਾਵੇਗਾ । ਇਸ ਸਮੇਂ ਲੰਬੀ ਹਲਕੇ ਦੇ ਇੰਚਾਰਜ ਨਰਿੰਦਰ ਸੰਧੂ ਉਰਫ ਨੌਟੀ ਨੇ ਸਮੂਹ ਪਾਰਟੀ ਆਗੂਆਂ ਦਾ ਧੰਨਵਾਦ ਕਰਦਿਆਂ ਲੋਕਾਂ ਦੇ ਅਥਾਹ ਪਿਆਰ ਦੇਣ ਲਈ ਤਹਿ ਦਿਲੋਂ ਸ਼ੁਕਰਾਨਾ ਕੀਤਾ । ਇਸ ਮੌਕੇ ਇੰਦਰਜੀਤ ਸਿੰਘ ਸੰਧੂ, ਰੋਮੀ ਭਾਟੀ, ਐਡਵੋਕੇਟ ਹਰਿੰਦਰ ਸਿੰਘ, ਪ੍ਰਿਤਪਾਲ ਸਿੰਘ, ਗੁਰਦਰਸ਼ਨ ਸਿੰਘ, ਕਰਨਜੀਤ ਸਿੰਘ ਅਤੇ ਬਾਬੂ ਆਦਿ ਨੇ ਰੈਲੀ ਨੂੰ ਕਾਮਯਾਬ ਕਰਨ ਵਿਚ ਵਿਸ਼ੇਸ਼ ਸਹਿਯੋਗ ਕੀਤਾ ।

Must Share With Your Friends...!

Comments

comments

Leave a Reply

Your email address will not be published. Required fields are marked *

*