ਪ੍ਰਦੇਸ ਬੈਠੀ ਵੀ, ਵਤਨ ਨਾਲ ਜੁੜੀ ਹੋਈ- ਗੁਰਮੀਤ ਕੌਰ ਜੱਸੀ
Templates by BIGtheme NET

ਪ੍ਰਦੇਸ ਬੈਠੀ ਵੀ, ਵਤਨ ਨਾਲ ਜੁੜੀ ਹੋਈ- ਗੁਰਮੀਤ ਕੌਰ ਜੱਸੀ

Must Share With Your Friends...!

ਚਮੁੱਚ ਧਨ ਹੁੰਦੇ ਹਨ ਉਹ ਲੋਕ, ਜਿਹੜੇ ਆਪਣੇ ਵਤਨੋ ਦੂਰ ਜਾ ਕੇ ਵੀ ਆਪਣੇ ਪਿਛੋਕੜ ਨੂੰ ਨਹੀ ਭੁੱਲਦੇ। ਆਪਣੀ ਜਨਮ-ਭੂਮੀ ਅਤੇ ਆਪਣੀ ਮਾਂ-ਬੋਲੀ ਦਾ ਮੋਹ ਪਾਲਦੇ ਆਪਣੇ ਵਿਰਸੇ ਨਾਲ ਸਾਂਝਾਂ ਪਾਈ ਰੱਖਦੇ ਹਨ। ਰੋਜੀ-ਰੋਟੀ ਖਾਤਰ ਉਹ ਸੰਸਾਰੀ-ਡਿਯੁਟੀਆਂ ਨਿਭਾਂਉਂਦੇ ਸਰੀਰਕ ਤੌਰ ਤੇ ਭਾਂਵੇਂ ਸੱਤ ਸਮੁੰਦਰੋਂ ਪਾਰ ਕਿਉਂ ਨਾ ਹੋਣ, ਪਰ ਅੰਤਰ-ਆਤਮਾ ਤੋਂ ਉਹ ਆਪਣੇ ਵਤਨ ਅਤੇ ਆਪਣੇ ਪਿੰਡ ਦੀਆਂ ਗਲੀਆਂ ਵਿਚ ਹੀ ਆਪਣੇ ਲੋਕਾਂ ਵਿਚ ਘੁੰਮ ਰਹੇ ਹੁੰਦੇ ਹਨ। ਆਪਣੇ ਵਤਨ ਦੇ ਸੁਪਨਿਆਂ ਵਿਚ ਗੁਆਚੇ ਰਹਿਣ ਵਾਲੇ ਨਾਵਾਂ ਵਿਚੋਂ ਇਕ ਨਾਂਓਂ ਹੈ- ਗੁਰਮੀਤ ਕੌਰ ਜੱਸੀ।

JASSI-2

ਪੰਜਾਬ ਦੇ ਸ਼ਹਿਰ ਮਾਨਸਾ ਦੇ ਵਸਨੀਕ ਨਿਰੰਜਣ ਸਿੰਘ ਪ੍ਰੇਮੀ (ਪਿਤਾ) (ਮੈਨੇਜਿੰਗ ਡਾਇਰੈਕਟਰ, ਮਾਲਵਾ ਆਰਟ ਕਂੌਸਲ ਬਠਿੰਡਾ) ਅਤੇ ਅਮਰਜੀਤ ਕੌਰ (ਮਾਤਾ) ਦੇ ਵਿਹੜੇ ਨੂੰ 26 ਜੁਲਾਈ, 1974 ਨੂੰ ਰੁਸ਼ਨਾਉਣ ਵਾਲੀ ਗੁਰਮੀਤ ਨੇ ਦੱਸਿਆ ਕਿ ਉਸ ਨੂੰ ਕਲਮੀ ਚੇਟਕ ਵਿਦਿਆਰਥੀ-ਜੀਵਨ ਦੌਰਾਨ ਹੀ ਲੱਗ ਗਈ ਸੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮ. ਏ. (ਪੰਜਾਬੀ) ਅਤੇ ਐਮ. ਏ. (ਥੀਏਟਰ ਐਂਡ ਟੈਲੀਵੀਜਨ) ਦੀ ਡਿਗਰੀ ਪਾਸ ਕਰਨ ਦੌਰਾਨ ਉਸਦੀ ਸ਼ਾਇਰੀ ਨੂੰ ਪੂਰਨ ਖੰਭ ਲੱਗ ਚੁੱਕੇ ਸਨ।
ਮਾਲਕ ਨੇ ਗੁਰਮੀਤ ਦੇ ਹਿੱਸੇ ਦੇ ਅੰਨ-ਜਲ ਦੀ ਚੋਗ ਸੱਤ ਸਮੁੰਦਰੋਂ ਪਾਰ ਖਿਲਾਰ ਰੱਖੀ ਹੋਣ ਕਰ ਕੇ ਉਸ ਨੂੰ ਚੁਗਣ ਲਈ ਅੱਜ ਉਹ ਕਨੇਡਾ ਦੀ ਧਰਤ ਉਤੇ ਜਾ ਕੇ ਚੋਗ ਚੁਗ ਰਹੀ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਜੱਸੀ ਨੇ ਕਿਹਾ, ‘ਅਸੀਂ ਸਰੀਰਕ ਤੌਰ ਤੇ ਬੇਸ਼ੱਕ ਸੱਤ ਸਮੁੰਦਰੋਂ ਪਾਰ ਬੈਠੇ ਹਾਂ, ਪਰ ਰੂਹ ਸਾਡੀ ਪਿੰਡ ਹੀ ਘੁੰਮਦੀ-ਫਿਰਦੀ, ਬਹਿੰਦੀ-ਉਠਦੀ ਤੇ ਵਿਚਰਦੀ ਹੁੰਦੀ ਹੈ, ਹਰ ਵਕਤ। ਦਿਲ ਲੋਚਦਾ ਰਹਿੰਦਾ ਕਿ ਕਿਹੜੀ ਘੜੀ ਉਡਾਰੀ ਮਾਰ ਕੇ ਆਪਣੇ ਵਤਨ ਪੰਜਾਬ ਫੇਰੀ ਲਾ ਆਵਾਂ! ਮੀਡੀਏ ਨੇ ਸਮੁੰਦਰਾਂ ਦੀਆਂ ਦੂਰੀਆਂ ਉੱਕਾ ਹੀ ਖਤਮ ਕਰ ਕੇ ਰੱਖ ਦਿੱਤੀਆਂ ਹਨ। ਮੀਡੀਆ ਦੁਆਰਾ ਮਿਲੀ ਪੰਜਾਬ ਦੀ ਹਰ ਖੁਸ਼ੀ ਵਾਲੀ ਖਬਰ ਜਿੱਥੇ ਸਾਨੂੰ ਨੱਚਣ ਲਈ ਮਜਬੂਰ ਕਰ ਦਿੰਦੀ ਹੈ, ਉਥੇ ਹਰ ਦੁਖਦਾਇਕ ਘਟਨਾਂ ਸਾਡੇ ਹਿਰਦਿਆਂ ਨੂੰ ਵਲੂੰਧਕੇ ਰੱਖ ਦਿੰਦੀ ਹੈ।’
ਅੰਬਰੀਂ ਉਡਾਰੀਆਂ ਲਾਂਉਂਦੀ ਜੱਸੀ ਦੀ ਕਲਮ ਸਾਹਿਤ ਦੀ ਕਿਸੇ ਵੀ ਇਕ ਵਿਧਾ ਦੀ ਗੁਲਾਮ ਨਹੀਂ, ਬਲਕਿ ਗੀਤ, ਕਵਿਤਾ, ਸੂਫੀਆਨਾ ਗਜਲ, ਰੁਬਾਈ ਅਤੇ ਲੇਖ ਆਦਿ ਹਰ ਵੰਨਗੀ ਉਪਰ ਅਜਾਦ ਹੋ ਕੇ ਬਰਾਬਰ ਦੀ ਹੀ ਚੱਲਦੀ ਹੈ, ਉਸ ਦੀ ਕਲਮ। ‘ਖਬਰਨਾਮਾ ਪੰਜਾਬੀ ਵੀਕਲੀ’ (ਕਨੇਡਾ), ‘ਪੰਜਾਬ ਸਟਾਰ’ (ਕਨੇਡਾ), ‘ਪੰਜ ਦਰਿਆ’ (ਕੈਲੇਫੋਰਨੀਆ), ‘ਸਿਰਜਣਹਾਰੀਆ’ (ਕਨੇਡਾ), ‘ਇੰਡੋ ਕਨੇਡੀਅਨ’, ‘ਪੰਜਾਬੀ ਇੰਨ ਹਾਲੈਂਡ’, ‘ਫੁਲਵਾੜੀ’ (ਕਨੇਡਾ) ਆਦਿ ਅਤੇ ਪੰਜਾਬ ਦੀਆਂ ਅਖਬਾਰਾਂ ਤੇ ਮੈਗਜੀਨਾਂ ਵਿਚ ਛਪਣ ਦਾ ਮਾਣ ਹਾਸਲ ਕਰ ਚੁੱਕੀਆਂ ਉਸ ਦੀਆਂ ਰਚਨਾਵਾਂ ਦੱਸਦੀਆਂ ਹਨ ਕਿ ਸਮਾਜਿਕ-ਕੁਰੀਤੀਆਂ ਵਾਲਾ ਕੋਈ ਵੀ ਵਿਸ਼ਾ ਉਸ ਦੀ ਕਲਮ ਦਾ ਨਿਸ਼ਾਨਾ ਬਣੇ ਬਗੈਰ ਰਹਿ ਨਹੀ ਸਕਿਆ। ਇੱਥੇ ਹੀ ਬਸ ਨਹੀ, ਉਸ ਨੂੰ ‘ਸਰਗਮ ਰੇਡੀਓ ਟਾਰੰਟੋ’, ਦੇ ਨਾਲ-ਨਾਲ ‘ਸ਼ਾਇਰ ਤੇ ਸ਼ਾਇਰੀ ਸੈਗਮੈਂਟ’ ਵਿਚ ‘ਅੱਜ ਦੀ ਸ਼ਾਇਰਾ’ ਵਜੋਂ ਵੀ ਮੌਕਾ ਮਿਲ ਚੁੱਕਿਆ ਹੈ। ‘ਮਾਂ’, ‘ਵਜੂਦ’ ‘ਨਾਸੂਰ’ ‘ਦਿਲ’, ‘ਰਿਸ਼ਤੇ’ ਆਦਿ ਜਿਹੀਆਂ, ਪੰਜਾਬ ਦੇ ਵੱਡਮੁੱਲੇ ਸੱਭਿਆਚਾਰਕ ਵਿਰਸੇ ਦਾ ਮੋਹ ਜਤਾਉਂਦੀਆਂ ਉਸ ਦੀਆਂ ਅਨਗਿਣਤ ਰਚਨਾਵਾਂ ਵਿਦੇਸ਼ ਵਿਚ ਬੈਠੇ ਪੰਜਾਬੀ ਪਾਠਕਾਂ ਨੂੰ ਪੰਜਾਬੀ ਵਿਰਸੇ ਨਾਲੋਂ ਟੁੱਟਣ ਨਹੀਂ ਦਿੰਦੀਆਂ।

‘ਪਾਰਕਵਿਊ ਟੂਰਿਸਟ (ਟਰਾਂਸਪੋਰਟੇਸ਼ਨ) ਓਨਟਾਰੀਓ’, ਕਨੇਡਾ ਵਿਖੇ ਕੰਮ ਕਰਦਿਆਂ ਆਪਣੇ ਜੀਵਨ-ਸਾਥੀ ਹਰਵਿੰਦਰ ਸਿੰਘ ਜੱਸੀ (ਐਮ. ਈ.) (ਰੀਅਲ ਅਸਟੇਟ ਬਿਜਨਸਮੈਨ) ਅਤੇ ਤਰਨਦੀਪ ਸਿੰਘ (ਬੇਟਾ) ਅਤੇ ਪ੍ਰਭਨੂਰ ਕੌਰ (ਬੇਟੀ) ਨਾਲ ਸੁੱਖਾਂ ਭਰੀ ਜਿੰਦਗੀ ਬਤੀਤ ਕਰ ਰਹੀ ਗੁਰਮੀਤ ਕੌਰ ਜੱਸੀ ਨੇ ਕਿਹਾ, ‘ਪਰਿਵਾਰ ਵਲੋਂ ਮੇਰੇ ਕਲਮੀ-ਸ਼ੌਕ ਨੂੰ ਭਰਵਾਂ ਹੁੰਗਾਰਾ ਮਿਲਣ ਸਦਕਾ, ਹੁਣ ਕਲਮੀ ਜਨੂੰਨ ਮੇਰੇ ਸਿਰ ਇੰਨਾ ਭਾਰੂ ਹੋ ਚੁੱਕਾ ਹੈ ਕਿ ਮੈਂ ਖਾਧੇ ਬਗੈਰ ਤਾਂ ਰਹਿ ਸਕਦੀ ਹਾਂ, ਪਰ ਲਿਖੇ ਬਗੈਰ ਨਹੀ ਰਹਿ ਸਕਦੀ।’
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)

Must Share With Your Friends...!

Comments

comments

Leave a Reply

Your email address will not be published. Required fields are marked *

*