8ਵੀਂ ਨੈਸ਼ਨਲ ਲਾਈਵਸਟਾਕ ਚੈਂਪੀਅਨਸ਼ਿਪ ਅਤੇ ਐਕਸਪੋ-2016
Templates by BIGtheme NET

8ਵੀਂ ਨੈਸ਼ਨਲ ਲਾਈਵਸਟਾਕ ਚੈਂਪੀਅਨਸ਼ਿਪ ਅਤੇ ਐਕਸਪੋ-2016

Must Share With Your Friends...!

****8 ਤੋਂ 12 ਜਨਵਰੀ ਤੱਕ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ ਕੌਮੀ ਪਸ਼ੂਧੰਨ ਚੈਂਪੀਅਨਸ਼ਿਪ
  ****ਇਸ ਸਾਲ ਆਸਟ੍ਰੇਲੀਆ, ਕਨਾਡਾ ਅਤੇ ਇੰਗਲੈਡ ਤੋਂ ਵੀ ਡੇਲੀਗੇਟ ਆ ਰਹੇ ਹਨ
 ****ਪਸ਼ੂਧੰਨ ਤੇ ਹੋਵੇਗੀ ਧੰਨ ਵਰਖਾ
 ****ਪਹਿਲੀ ਵਾਰ ਹੋਵੇਗੀ ਪੋਲੋ ਖੇਡ
ਸ਼੍ਰੀ ਮੁਕਤਸਰ ਸਾਹਿਬ:-ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਅੱਜ ਇੱਥੇ ਇਕ ਪ੍ਰੈਸ ਮਿਲਣੀ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ 8ਵੀਂ ਨੈਸ਼ਨਲ ਲਾਈਵਸਟਾਕ ਚੈਂਪੀਅਨਸ਼ਿਪ ਅਤੇ ਐਕਸਪੋ-2016, 8 ਤੋਂ 12 ਜਨਵਰੀ 2016 ਤੱਕ ਹੋਣ ਜਾ ਰਹੀ ਹੈ। ਉਨਾਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਅਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਂ ਕਿੱਤਿਆਂ ਨੂੰ ਖੇਤੀ ਵਾਂਗ ਮੁੱਖ ਧੰਦੇ ਦੇ ਰੂਪ ਵਿੱਚ ਅਪਨਾਉਣ ਲਈ ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਅਤੇ ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (ਫਿਕੀ) ਦੇ ਸਹਿਯੋਗ ਨਾਲ ਇਹ ਆਯੋਜਨ ਕਰਨ ਜਾ ਰਹੀ ਹੈ। ਇਸ ਮੌਕੇ ਉਨਾਂ ਨਾਲ ਪਸੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ: ਐਚ.ਐਸ.ਸੰਧਾ, ਡਾਇਰੈਕਟਰ ਡੇਅਰੀ ਵਿਕਾਸ ਸ: ਇੰਦਰਜੀਤ ਸਿੰਘ, ਡਾ: ਪੀ. ਕੇ. ਉਪੱਲ ਸਲਾਹਕਾਰ ਪੰਜਾਬ ਸਰਕਾਰ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਕੁਲਜੀਤ ਪਾਲ ਸਿੰਘ ਮਾਹੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ: ਕੁਲਵੰਤ ਸਿੰਘ, ਏ.ਸੀ.ਯੂ.ਟੀ. ਮੈਡਮ ਸਾਕਸ਼ੀ ਸਾਹਨੀ, ਜੁਆਇੰਟ ਡਾਟਿਰੈਕਟਰ ਪਸ਼ੂ ਪਾਲਣ ਡਾ: ਅਮਰਜੀਤ ਸਿੰਘ ਵੀ ਹਾਜਰ ਸਨ।

05 MKT-02

ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਅਤੇ ਐਕਸਪੋ ਪਿਛਲੇ ਸੱਤ ਸਾਲਾਂ ਤੋਂ ਹਰ ਸਾਲ ਕਰਵਾਈ ਜਾ ਰਹੀ ਹੈ ਜਿਸ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਗੁਜਰਾਤ, ਜੰਮੂ ਅਤੇ ਕਸ਼ਮੀਰ, ਅਸਾਮ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਆਦਿ ਰਾਜਾਂ ਤੋਂ ਪਸ਼ੂ ਪਾਲਕ ਲਾਭ ਉਠਾਉਦੇ ਹਨ। ਇਨਾਂ ਮੁਕਾਬਲਿਆਂ ਵਿੱਚ ਜੇਤੂ ਪਸ਼ੂ ਪਾਲਕਾਂ ਨੂੰ ਕਰੋੜਾਂ ਰੁਪਏ ਦੇ ਇਨਾਮ ਦਿੱਤੇ ਜਾਂਦੇ ਹਨ। ਕਿਸਾਨਾਂ ਨੂੰ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਦਿਆਂ ਜ਼ਿਲਾ ਪੱਧਰ ਤੋਂ ਸ਼ੁਰੂ ਕੀਤੀ ਗਈ ਇਹ ਚੈਂਪੀਅਨਸ਼ਿਪ ਨਾ ਸਿਰਫ਼ ਹੁਣ ਕੌਮੀ ਪੱਧਰ ਤੱਕ ਪਹੁੰਚ ਚੁੱਕੀ ਹੈ ਬਲਕਿ ਵਿਦੇਸ਼ਾਂ ਤੋਂ ਵੀ ਉਨਾਂ ਦੇ ਪਸ਼ੂ ਪਾਲਣ ਅਤੇ ਹੋਰ ਸਹਾਇਕ ਕਿੱਤਿਆਂ ਨਾਲ ਸਬੰਧਤ ਪ੍ਰਤੀਨਿਧ ਪਹੁੰਚ ਰਹੇ ਹਨ, ਜਿਸ ਨਾਲ ਇਸ ਦਾ ਘੇਰਾ ਹੋਰ ਵਿਸ਼ਾਲ ਅਤੇ ਅੰਤਰਰਾਸ਼ਟਰੀ ਪੱਧਰ ਦਾ ਹੁੰਦਾ ਜਾ ਰਿਹਾ ਹੈ। ਇਸ ਸਾਲ ਆਸਟ੍ਰੇਲੀਆ, ਕਨਾਡਾ ਅਤੇ ਇੰਗਲੈਡ ਤੋਂ ਵੀ ਡੇਲੀਗੇਟ ਆ ਰਹੇ ਹਨ।
ਪੰਜ ਦਿਨ ਚੱਲਣ ਵਾਲੇ ਇਸ ਮੇਲੇ ਵਿੱਚ ਜਿੱਥੇ ਮੱਝਾਂ, ਗਾਵਾਂ, ਅਤੇ ਬੱਕਰੀਆਂ ਦੇ ਦੁੱਧ ਚੁਆਈ ਦੇ ਮੁਕਾਬਲੇ ਹੁੰਦੇ ਹਨ, ਸਭ ਤੋਂ ਵੱਧ ਦੁੱਧ ਦੇਣ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ ਨਕਦ ਇਨਾਮ ਅਤੇ ਸਨਮਾਨ ਪੱਤਰ ਦੇ ਕੇ ਉਤਸ਼ਾਹਿਤ ਕੀਤਾ ਜਾਂਦਾ ਹੈ, ਉੱਥੇ ਵੱਖ-ਵੱਖ ਨਸਲਾਂ ਦੇ ਘੋੜਿਆਂ, ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ, ਕੁੱਤਿਆਂ, ਟਰਕੀ ਅਤੇ ਮੁਰਗੀਆਂ ਆਦਿ ਦੇ ਨਸਲਾਂ ਦੇ ਮੁਕਾਬਲਿਆਂ ਵਿੱਚੋਂ ਜੇਤੂ ਪਸ਼ੂਆਂ ਦੇ ਮਾਲਕਾਂ ਨੂੰ ਵੀ ਕੈਸ਼ ਇਨਾਮ ਅਤੇ ਸਨਮਾਨ ਪੱਤਰ ਦੇ ਕੇ ਵਧੀਆ ਨਸਲ ਦੇ ਅਤੇ ਵੱਧ ਦੁੱਧ ਉਤਪਾਦਨ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।
ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ: ਐਚ.ਐਸ. ਸੰਧਾ ਨੇ ਦੱਸਿਆ ਕਿ ਪੰਜਾਬ ਵਿੱਚ 2012 ਦੀ ਪਸ਼ੂਧਨ ਗਣਨਾ ਅਨੁਸਾਰ 24.30 ਲੱਖ ਗਾਵਾਂ ਅਤੇ 51.52 ਲੱਖ ਮੱਝਾਂ ਹਨ। ਪੰਜਾਬ ਪਸ਼ੂਆਂ ਦੀ ਕੁੱਲ ਗਿਣਤੀ ਦੇਸ਼ ਦੇ ਪਸ਼ੂਧਨ ਦਾ ਸਿਰਫ਼ 2% ਹੋਣ ਦੇ ਬਾਵਜੂਦ ਦੇਸ਼ ਦੇ ਦੁੱਧ ਉਤਪਾਦਨ ਵਿੱਚ 8% ਹਿੱਸਾ ਪਾ ਰਿਹਾ ਹੈ। ਇਨਾਂ ਮੁਕਾਬਲਿਆਂ ਨਾਲ ਪਸ਼ੂ ਪਾਲਕਾਂ ਵਿੱਚ ਵਧੀਆ ਨਸਲ ਦੇ ਕੀਮਤੀ ਪਸ਼ੂ ਰੱਖਣ ਦੀ ਰੁਚੀ ਵਧੀ ਹੈ ਜਿਸ ਦੇ ਫਲਸਰੂਪ ਪੰਜਾਬ ਵਿੱਚ ਦੁੱਧ ਦੀ ਪਰ ਕੈਪਿਟਾ ਉਪਲਬਧਤਾ 993 ਗਰਾਮ ਹੈ ਜਿਹੜੀ ਕਿ ਦੇਸ਼ ਦੀ ਦੁੱਧ ਦੀ ਪਰ ਕੈਪਿਟਾ ਉਪਲਬਧਤਾ ਤੋਂ ਲਗਭਗ ਤਿੰਨ ਗੁਣਾਂ ਹੈ। ਸਾਲ 2014-15 ਦੌਰਾਨ ਪੰਜਾਬ ਵਿੱਚ ਦੁੱਧ ਦਾ ਕੁਲ ਉਤਪਾਦਨ 103.5 ਲੱਖ ਟਨ ਤੱਕ ਪਹੁੰਚ ਗਿਆ ਹੈ। ਲੋਕਾਂ ਵਿੱਚ ਡੇਅਰੀ ਦੇ ਨਾਲ-ਨਾਲ ਸੂਰ ਪਾਲਣ, ਬੱਕਰੀ ਪਾਲਣ ਆਦਿ ਪਸ਼ੂ ਪਾਲਣ ਨਾਲ ਸਬੰਧਤ ਹੋਰ ਕਿੱਤਿਆਂ ਨੂੰ ਵਪਾਰਕ ਪੱਧਰ ਤੇ ਅਪਨਾਉਣ ਦਾ ਰੁਝਾਨ ਵਧਿਆ ਹੈ। ਜਿਸ ਨਾਲ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਵਿੱਚ ਮਦਦ ਮਿਲ ਰਹੀ ਹੈ।
ਪਿਛਲੇ ਸਾਲ 7ਵੀਂ ਚੈਂਪੀਅਨਸ਼ਿਪ ਦੌਰਾਨ ਦੁੱਧ ਚੁਆਈ ਮੁਕਾਬਲਿਆਂ ਵਿੱਚ ਸ. ਦਲਜੀਤ ਸਿੰਘ, ਲੁਧਿਆਣਾ ਦੀ ਐਚ.ਐਫ. ਗਾਂ ਨੇ ਇੱਕ ਦਿਨ ਵਿੱਚ 61.800 ਕਿਲੋਗਰਾਮ ਦੁੱਧ ਦੇ ਕੇ ਕੌਮੀ ਰਿਕਾਰਡ ਕਾਇਮ ਕੀਤਾ ਸੀ ਇਸੇ ਤਰਾਂ ਸ. ਗੁਰਮੇਲ ਸਿੰਘ, ਸ਼੍ਰੀ ਮੁਕਤਸਰ ਸਾਹਿਬ ਦੀ ਸਾਹੀਵਾਲ ਗਾਂ ਨੇ 22.732 ਕਿੱਲੋ ਅਤੇ ਸ. ਸਵਿੰਦਰ ਸਿੰਘ ਦੀ ਬੀਟਲ ਨਸਲ ਦੀ ਬੱਕਰੀ ਨੇ 4.297 ਕਿੱਲੋ ਦੁੱਧ ਦੇ ਕੇ ਰਾਜ ਪੱਧਰੀ ਰਿਕਾਰਡ ਕਾਇਮ ਕੀਤਾ ਸੀ। ਇਸ ਵਿੱਚ ਦੇਸ਼ ਵਿਦੇਸ਼ ਦੇ 3.5 ਲੱਖ ਤੋਂ ਵੱਧ ਲੋਕਾਂ ਅਤੇ ਦੇਸ਼ ਭਰ ਵਿੱਚੋਂ 6000 ਤੋਂ ਵੱਧ ਪਸ਼ੂਆਂ ਨੇ ਸ਼ਿਰਕਤ ਕੀਤੀ ਸੀ। ਇਸ ਚੈਂਪੀਅਨਸ਼ਿਪ ਵਿੱਚ 64 ਵੱਖ-ਵੱਖ ਕੈਟਾਗਰੀਆਂ ਵਿੱਚ ਘੋੜਿਆਂ, ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ, ਕੁੱਤਿਆਂ, ਟਰਕੀ ਅਤੇ ਮੁਰਗਿਆਂ ਆਦਿ ਦੇ ਮੁਕਾਬਲੇ ਕਰਵਾਏ ਗਏ। ਇਨਾਂ ਮੁਕਾਬਲਿਆਂ ਵਿੱਚ ਜੇਤੂ ਪਸ਼ੂ ਪਾਲਕਾਂ ਨੂੰ ਕੁੱਲ 1.25 ਕਰੋੜ ਦੇ ਇਨਾਮ ਦਿੱਤੇ ਗਏ। ਚੈਂਪੀਅਨ ਪਸ਼ੂਆਂ ਦੇ ਮਾਲਕਾਂ ਨੂੰ 26 ਜਨਵਰੀ 2015 ਨੂੰ ਗਣਤੰਤਰ ਦਿਵਸ ਤੇ ਮਾਣਯੋਗ ਮੁੱਖ ਮੰਤਰੀ ਜੀ ਵੱਲੋਂ ਸਟੇਟ ਅਵਾਰਡ ਨਾਲ ਸਨਮਾਨਤ ਵੀ ਕੀਤਾ ਹੈ।
ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਦੇ ਸਹਿਯੋਗ ਨਾਲ ਲਗਾਏ ਐਕਸਪੋ-2015 ਵਿੱਚ 150 ਤੋਂ ਵੱਧ ਪਸ਼ੂ ਪਾਲਣ, ਡੇਅਰੀ, ਫਿਸ਼ਰੀਜ਼, ਖੇਤੀਬਾੜੀ ਨਾਲ ਸਬੰਧਤ ਮਸ਼ੀਨਰੀ, ਉਤਪਾਦਾਂ, ਨਵੀਆਂ ਤਕਨੀਕਾਂ ਅਤੇ ਹੋਰ ਕੰਪਨੀਆਂ/ਅਦਾਰਿਆਂ ਵੱਲੋਂ ਸਟਾਲ ਲਗਾਏ ਗਏ ਜਿਸ ਦਾ ਪਸ਼ੂ ਪਾਲਕਾਂ ਨੇ ਭਰਪੂਰ ਫਾਇਦਾ ਉਠਾਇਆ।
ਪਸ਼ੂ ਪਾਲਣ, ਡੇਅਰੀ, ਮੱਛੀ ਪਾਲਣ, ਖੁਰਾਕ ਅਤੇ ਚਾਰਾ ਅਤੇ ਹੋਰ ਜ਼ਰੂਰੀ ਵੱਖ-ਵੱਖ ਵਿਸ਼ਿਆਂ ਤੇ ਕੀਤੇ ਸੈਮੀਨਾਰਾਂ ਵਿੱਚ ਮਾਹਰਾਂ ਵੱਲੋਂ ਪਸ਼ੂ ਪਾਲਕਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਉਨਾਂ ਦੇ ਸਵਾਲਾਂ ਦੇ ਜਵਾਬ ਵੀ ਮੌਕੇ ਤੇ ਹੀ ਦਿੱਤੇ ਗਏ।
ਪਹਿਲਾਂ ਵਾਂਗ ਹੀ ਇਸ ਸਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ, ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਜਾ ਰਹੀ 8ਵੀਂ ਨੈਸ਼ਨਲ ਲਾਈਵਸਟਾਕ ਚੈਂਪੀਅਨਸ਼ਿਪ ਅਤੇ ਐਕਸਪੋ-2016 ਵਿੱਚ ਮੱਝਾਂ, ਗਾਵਾਂ, ਬੱਕਰੀਆਂ, ਘੋੜਿਆਂ, ਸੂਰਾਂ, ਮੁਰਗਿਆਂ, ਟਰਕੀ, ਕੁੱਤਿਆਂ ਅਤੇ ਭੇਡਾਂ ਆਦਿ ਦੇ ਨਸਲ ਮੁਕਾਬਲੇ ਮਿਤੀ 8 ਤੋਂ 11 ਜਨਵਰੀ 2016 ਦੌਰਾਨ ਕਰਵਾਏ ਜਾਣਗੇ। ਦੁੱਧ ਚੁਆਈ ਮੁਕਾਬਲਿਆਂ ਵਿੱਚ ਗਾਵਾਂ, ਮੱਝਾਂ, ਬੱਕਰੀਆਂ ਦੀਆਂ ਵੱਖ-ਵੱਖ ਨਸਲਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਸਭ ਤੋਂ ਵੱਧ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਇਨਾਮ ਅਤੇ ਸਨਮਾਨ ਦਿੱਤੇ ਜਾਣਗੇ। ਕੁੱਤਿਆਂ ਦੇ ਨਸਲ ਮੁਕਾਬਲੇ ਮਿਤੀ 8 ਜਨਵਰੀ 2016 ਨੂੰ ਹੋਣਗੇ। ਕੌਮੀ ਪੱਧਰ ਦਾ ਚੈਂਪੀਅਨਸ਼ਿਪ ਮੁਕਾਬਲਾ 11 ਜਨਵਰੀ 2016 ਨੂੰ ਹੋਵੇਗਾ। ਹਰੇਕ ਚੈਂਪੀਅਨ ਘੋੜਾ, ਘੋੜੀ, ਸਾਨ, ਮੱਝ ਅਤੇ ਗਾਂ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ
ਮਿਤੀ 9 ਜਨਵਰੀ 2016 ਨੂੰ ਪੰਜਾਬ ਵਿੱਚ ਘੋੜਿਆਂ ਦੀ ਬਹੁਤ ਹਰਮਨਪਿਆਰੀ ਖੇਡ ਪੋਲੋ ਬਹੁਤ ਸਾਲਾਂ ਤੋ ਬਾਅਦ ਕਰਵਾਈ ਜਾ ਰਹੀ ਹੈ। ਜਿਹੜੀ ਕਿ ਚੈਪੀਅਨਸ਼ਿਪ ਦੌਰਾਨ ਵਿਸ਼ੇਸ ਖਿੱਚ ਦਾ ਕੇਂਦਰ ਰਹੇਗੀ ।ਇਸ ਤੋ ਇਲਾਵਾ ਘੋੜਿਆਂ ਦੀਆਂ ਖੇਡਾਂ ਜਿਵੇਂ ਕਿ ਰਿਲੇਅ ਰੇਸ, ਸ਼ੋਅ ਜੰਪਿੰਗ, ਰਾਬੀਆ ਚਾਲ, ਫਲੈਟ ਰੇਸ, ਫੈਰੀਅਰ ਕੰਪੀਟੀਸ਼ਨ, ਟੈਂਟ ਪੈਗਿੰਗ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਖੱਚਰਾਂ, ਖੋਤੇ, ਪੋਨੀਆਂ ਨਾਲ ਸਬੰਧਤ ਹੋਰ ਮੁਕਾਬਲੇ ਵੀ ਕਰਵਾਏ ਜਾਣਗੇ। ਮਿਤੀ 11 ਜਨਵਰੀ 2016 ਨੂੰ ਘੋੜਿਆਂ ਅਤੇ ਊਠਾਂ ਦੇ ਨਾਚ ਅਤੇ ਸਜਾਵਟੀ ਮੁਕਾਬਲੇ ਵੀ ਖਿੱਚ ਦਾ ਕੇਂਦਰ ਬਣਨਗੇ।
ਇਸ ਵਾਰ ਦੇਸੀ ਨਸਲਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਗਾਵਾਂ ਦੀ ਸਾਹੀਵਾਲ ਨਸਲ ਅਤੇ ਮੱਝਾਂ ਅਤੇ ਬੱਕਰੀਆਂ ਦੀਆਂ ਦੇਸੀ ਨਸਲਾਂ ਦੇ ਵਿਸ਼ੇਸ਼ ਮੁਕਾਬਲੇ, ਪ੍ਰਦਰਸ਼ਨੀਆਂ ਅਤੇ ਸੈਮੀਨਾਰ ਕਰਵਾਏ ਜਾ ਰਹੇ ਹਨ।
ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (ਫਿਕੀ) ਦੇ ਸਹਿਯੋਗ ਨਾਲ ਲਾਈਵਸਟਾਕ ਐਕਸਪੋ-2016 ਲਗਾਇਆ ਜਾ ਰਿਹਾ ਹੈ ਜਿਸ ਵਿੱਚ ਲਾਈਵਸਟਾਕ ਟੈਕਨਾਲੋਜੀ, ਪਸ਼ੂ ਪਾਲਣ, ਪਸ਼ੂ ਸਿਹਤ ਸਬੰਧੀ ਉਤਪਾਦ, ਡੇਅਰੀ ਟੈਕਨਾਲੋਜੀ ਅਤੇ ਇਕੁਇਪਮੈਂਟ ਮੈਨਿਊਫੈਕਚਰ/ਐਕਪੋਰਟ, ਫੂਡ ਪ੍ਰੋਸੈੱਸਿੰਗ, ਖੇਤੀਬਾੜੀ ਅਤੇ ਖੇਤੀਬਾੜੀ ਮਸ਼ਿਨਰੀ ਸਬੰਧੀ ਕੰਪਨੀਆਂ ਵੱਲੋਂ 200 ਤੋਂ ਵੱਧ ਸਟਾਲ ਲਗਾਏ ਜਾ ਰਹੇ ਹਨ ਜਿਸ ਨਾਲ ਨਵੀਂ ਟੈਕਨਾਲੋਜੀ ਪਸ਼ੂ ਪਾਲਕਾਂ ਤੱਕ ਪਹੁੰਚਾਈ ਜਾ ਸਕੇਗੀ।
ਚੈਂਪੀਅਨਸ਼ਿਪ ਦੌਰਾਨ ਪੰਜੇ ਦਿਨ ਪਹੁੰਚੇ ਹੋਏ ਲੋਕਾਂ ਦੇ ਮਨੋਰੰਜਨ ਲਈ ਸੱਭਿਆਚਾਰ ਅਤੇ ਗੀਤ ਸੰਗੀਤ ਦਾ ਪ੍ਰੋਗਰਾਮ ਅਤੇ ਲੋਕ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਨਿਹੰਗ ਸਿੰਘਾਂ ਵੱਲੋਂ ਘੋੜਸਵਾਰੀ, ਨੇਜੇਬਾਜ਼ੀ, ਅਤੇ ਹੋਰ ਜੰਗੀ ਕਲਾਵਾਂ ਦੇ ਜੌਹਰ ਦਿਖਾਏ ਜਾਣਗੇ। ਪੀ.ਏ.ਪੀ. ਦੇ ਜਵਾਨਾਂ ਵੱਲੋਂ ਵੀ ਘੋੜਸਵਾਰੀ ਅਤੇ ਮੋਟਰਸਾਈਕਲ ਤੇ ਕਰਤੱਬ ਦਿਖਾਏ ਜਾਣਗੇ। ਮਿਤੀ 12 ਜਨਵਰੀ ਨੂੰ ਜੇਤੂ ਪਸ਼ੂਆਂ ਦੇ ਮਾਲਕਾਂ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਅਤੇ ਮਾਨਯੋਗ ਡਿਪਟੀ ਮੁੱਖ ਮੰਤਰੀ ਜੀ ਇਨਾਮ ਦੇ ਕੇ ਸਨਮਾਨਤ ਕਰਨਗੇ।

Must Share With Your Friends...!

Comments

comments

Leave a Reply

Your email address will not be published. Required fields are marked *

*