ਸਮਾਜ ਸੇਵਾ ਨੂੰ ਸਮਰਪਿਤ ਗੁਰਪ੍ਰੀਤ ਸਿੰਘ ‘ਸੋਨੀ ਬਾਬਾ’ ਰੁਪਾਣੇ ਵਾਲੇ
Templates by BIGtheme NET

ਸਮਾਜ ਸੇਵਾ ਨੂੰ ਸਮਰਪਿਤ ਗੁਰਪ੍ਰੀਤ ਸਿੰਘ ‘ਸੋਨੀ ਬਾਬਾ’ ਰੁਪਾਣੇ ਵਾਲੇ

Must Share With Your Friends...!

– ਹਸਤਪਾਲਾਂ ‘ਚ ਮਰੀਜ਼ਾਂ ਲਈ ਅਤੁੱਟ ਲੰਗਰ ਦਾ ਕਰਦੇ ਉਪਰਾਲਾ…
ਅਜੋਕੇ ਸਵਾਰਥੀ ਯੁਗ ਵਿੱਚ ਜਦੋਂ ਕਿ ਹਰ ਇਨਸਾਨ ਪੈਸੇ ਦੀ ਦੌੜ ਵਿੱਚ ਇੱਕ ਦੂਜੇ ਨੂੰ ਪਛਾੜਨ ਲਈ ਯਤਨਸ਼ੀਲ ਹੈ, ਹੱਥ ਤੇ ਹੱਥ ਮਾਰ ਕੇ ਦੂਸਰੇ ਨੂੰ ਲੁੱਟਣ ਦੀ ਤਾਕ ਵਿੱਚ ਹੈ, ਇੱਕ ਦੂਸਰੇ ਦਾ ਦੁਸ਼ਮਨ ਬਣਿਆ ਬੈਠਾ ਹੈ, ਤੇ ਆਪਣਿਆਂ ਨੂੰ ਹੀ ਭੁਲਦਾ ਜਾ ਰਿਹਾ ਹੈ, ਅਤਿ ਦਰਜੇ ਦੇ ਘਿਨਾਉਣੇ ਅਪਰਾਧਾਂ ਵਿੱਚ ਲਿਪਤ ਹੋਇਆ ਪਿਆ ਹੈ, ਨਸ਼ੇ ਹਰ ਇਨਸਾਨ ਨੂੰ ਆਪਣੇ ਕਲਾਵੇ ਵਿੱਚ ਲੈ ਰਹੇ ਹਨ, ਉਸ ਸਮੇਂ ਕਿਸੇ ਇਨਸਾਨ ਦੀ ਲੋੜਵੰਦਾਂ ਦੀ ਮਦਦ ਕਰਨਾ, ਗਰਜ ਵੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਮੁਫ਼ਤ ਸ਼ਾਦੀ ਕਰਨੀ, ਤੇ ਹਸਪਤਾਲਾਂ ਵਿੱਚ ਦੋ ਵੇਲੇ ਦੀ ਮੁਫ਼ਤ ਲੰਗਰ ਸੇਵਾ ਕਰਨੀ ਤੇ ਹੋਰ ਵੀ ਐਸੇ ਕਾਰਜ ਜੋ ਲੋਕ ਭਲਾਈ ਵਾਲੇ ਕਰਨੇ ਸੁਣ ਕੇ ਹੈਰਾਨੀ ਹੁੰਦੀ ਹੈ, ਪਰ ਪਰਤੱਖ ਨੂੰ ਪ੍ਰਮਾਣ ਦੀ ਕਦੇ ਵੀ ਲੋੜ ਨਹੀਂ ਪੈਂਦੀ, ਇਸ ਨਾ ਮੁਮਕਿਨ ਚੀਜ਼ ਨੂੰ ਮੁਮਕਿਨ ਕਰ ਵਿਖਾਇਆ ਹੈ, ਸੋਨੀ ਬਾਬਾ ਰੁਪਾਨੇ ਵਾਲਿਆਂ ਨੇ, ਜੇਕਰ ਇਨ੍ਹਾਂ ਲਈ “ਲੋੜਵੰਦਾਂ ਦੇ ਮਸੀਹੇ ” ਸ਼ਬਦ ਵੀ ਵਰਤਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਗੁਰਪ੍ਰੀਤ ਸਿੰਘ ਸੋਨੀ ਬਾਬਾ ਰੁਪਾਨੇ ਵਾਲੇ ਕਿਸੇ ਜਾਣ-ਪਹਿਚਾਣ ਦੀ ਮਥਾਜ ਨਹੀ ਹਨ, ਬਾਬਾ ਜੀ ਦਾ ਜਨਮ ਆਰਮੀ ਹਸਪਤਾਲ ਜਲੰਧਰ ਵਿਖੇ 2-5-1976 ਨੂੰ ਪਿਤਾ ਸ. ਕਰਨੈਲ ਸਿੰਘ ਫੌਜੀ ( ਰੁਪਾਨੇ ਵਾਲਿਆਂ ) ਦੇ ਘਰ ਹੋਇਆ। ਪਿਤਾ ਜੀ ਆਰਮੀ ਵਿੱਚ ਦੇਸ਼ ਦੀ ਸੇਵਾ ਕਰਦੇ ਕਰਕੇ ਹੀ ਬਾਬਾ ਜੀ ਨੂੰ ਸੇਵਾ ਦੀ ਚੇਟਕ ਛੋਟੇ ਹੁੰਦਿਆਂ ਹੀ ਲੱਗੀ, ਵੱਡੇ ਹੋਏ ਤਾਂ ਬਾਬਾ ਹਰਬੰਸ ਸਿੰਘ ਜੀ ਅਤੇ ਬਾਬਾ ਕਰਨੈਲ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਸੰਪਰਕ ਵਿੱਚ ਆਉਣ ਕਰਕੇ ਸੇਵਾ ਸ਼ਬਦ ਸੋਨੇ ਤੇ ਸੁਹਾਗਾ ਹੋ ਨਿਬੜਿਆ। ਬੇਸ਼ਕ ਸੁਨਿਆਰ ਬਰਾਦਰੀ ਨਾਲ ਸਬੰਧ ਕਰਕੇ ਮਾਤਾ-ਪਿਤਾ ਨੇ ਬਾਬਾ ਜੀ ਨੂੰ ਸੋਨੇ-ਚਾਦੀ ਦਾ ਕੰਮ ਵੀ ਚਲਾ ਕੇ ਦਿੱਤਾ, ਪਰ ਬਾਬਾ ਸੋਨੀ ਜੀ ਦਾ ਮਨ ਇਸ ਦੁਨੀਆਂ ਦਾਰੀ ਵਾਲੇ ਕੰਮ ਤੋਂ ਉਚਾਟ ਸੀ, ਉਹ ਤਾਂ ਕੋਈ ਐਸਾ ਕਾਰਜ ਕਰਨਾ ਚਾਹੁੰਦੇ ਸਨ ਕਿ ਜਿਸ ਨਾਲ ਮਨ ਤੇ ਰੂਹ ਨੂੰ ਸਕੂਨ ਮਿਲਣ ਦੇ ਨਾਲ-ਨਾਲ ਇੱਕ ਨਿਵੇਕਲੀ ਪਹਿਚਾਣ ਵੀ ਬਣ ਸਕੇ । ਹਰ ਸਮੇਂ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਰਹਿਣ ਕਰਕੇ ਤੇ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਕੇ ਜੋ ਸਾਂਤੀ ਮਿਲਦੀ ਹੈ, ਉਹ ਕਹਿਣ ਸੁਨਣ ਤੋਂ ਪਰ੍ਹੇ ਹੈ ।
ਬਾਬਾ ਜੀ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਜਾਦੂਗਰ ( ਮੈਜ਼ਿਕ ) ਵੀ ਸਿਖਿਆ ਤੇ ਸਫਲ ਜਾਦੂਗਰ ਸ਼ੋ ਵੀ ਕੀਤੇ। ਜਾਦੂਗਰ ( ਹਨੂੰਮਾਨ ) ਜੀ ਉਕਲਾਣੇ ( ਜਿਲ੍ਹਾ ਹਿਸਾਰ, ਹਰਿਆਣਾ ) ਵਾਲਿਆਂ ਨੂੰ ਬਾਬਾ ਜੀ ਨੇ ਮੈਜਿਕ ਦਾ ਗੁਰੂ ਧਾਰਨ ਕੀਤਾ । ਬਾਬਾ ਜੀ ਦੇ ਦੱਸਣ ਮੁਤਾਬਕ ਜਾਦੂ ਸਿਰਫ਼ ਇੱਕ ਆਰਟ ( ਕਲਾ) ਹੈ, ਆਪਣੀ ਕਲਾ ਆਪਣੇ ਅੰਦਾਜ਼ ਵਿੱਚ ਪੇਸ਼ ਕਰਨੀ ਤੇ ਲੁਕਾਈ ਨੂੰ ਭੁਲੇਖਾ ਪਾਉਣਾ ਹੀ ਜਾਦੂ ਹੈ । ਬਾਬਾ ਜੀ ਨੇ ਹਿਮਾਚਲ, ਜੰਮੂ, ਯੂ.ਪੀ., ਪੰਜਾਬ, ਹਰਿਆਣਾ, ਰਾਜਸਥਾਨ, ਆਸਾਮ ਬੰਗਾਲ ਵਿੱਚ ਸਫਲ ਜਾਦੂ ਦੇ ਸ਼ੋਅ ਕੀਤੇ ਤੇ ਉਥੇ ਉਨ੍ਹਾਂ ਦਾ ਨਾਮ ਸਮਰਾਟ ਸੋਨੀ ਪੈ ਗਿਆ। ਬਾਬਾ ਜੀ ਨੇ ਸਕੂਲਾਂ, ਕਾਲਿਜਾਂ ਵਿੱਚ ਸਫਲ ਸ਼ੋਅ ਕਰਕੇ ਲੁਕਾਈ ਨੂੰ ਵਹਿਮਾਂ-ਭਰਮਾਂ ਚੋਂ ਕੱਢਣ ਦਾ ਸ਼ਲਾਘਾਯੋਗ ਕੰਮ ਕੀਤਾ। ਇਨ੍ਹਾਂ ਸ਼ੋਆਂ ਤੋਂ ਜੋ ਵੀ ਤਿਲ-ਫੁਲ ਬਾਬਾ ਜੀ ਨੂੰ ਮਿਲਦਾ ਉਸ ਨਾਲ ਕਿਸੇ ਲੋੜਵੰਦ ਜਗ੍ਹਾ ਤੇ ਨਲਕੇ ਲਵਾਉਣੇ, ਬੱਚਿਆਂ ਨੂੰ ਪੈੱਨ-ਕਾਪੀਆਂ ਵੰਡਣੀਆਂ ਅਤੇ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਨ ਨਾਲ ਜੋ ਸਕੂਨ ਬਾਬਾ ਜੀ ਨੂੰ ਮਿਲਿਆ, ਉਹ ਕਹਿਣ ਸੁਨਣ ਤੇ ਪਰ੍ਹੇ ਦਾ ਸੁਖ ਦਾ ਅਹਿਸਾਸ ਹੈ । ਬਾਬਾ ਜੀ ਨੂੰ ਸਦਾ ਇਹੀ ਅਭਿਲਾਸ਼ਾਂ ਰਹਿੰਦੀ ਹੈ ਕਿ ਸੰਤਾ ਮਹਾਂਪੁਰਖਾਂ ਦਾ ਸੰਗ ਕੀਤਾ ਜਾਵੇ ਤੇ ਜਿੰਦਗੀ ਜਿਉਣ ਦਾ ਨਿਵੇਕਲਾ ਢੰਗ ਸਿੱਖਿਆ ਜਾਵੇ, ਇਸੇ ਲਈ ਉਨ੍ਹਾਂ ਦਾ ਮਨ ਸਦਾ ਮਹਾਂਪੁਰਖਾਂ ਦੀ ਸੰਗਤ ਕਰਨ ਲਈ ਉਤਾਵਲਾ ਰਹਿੰਦਾ ਹੈ ।
ਇੱਕ ਵਾਰ ਬਾਬਾ ਜੀ ਅਮ੍ਰਿਤਸਰ ਸਾਹਿਬ ਗਏ ਉਥੇ ਉਨ੍ਹਾਂ ਦਾ ਸੰਪਰਕ ਭਾਈ ਘਨੱਈਆਂ ਜੀ ਦੇ ਬਿਰਧ ਆਸ਼ਰਮ ਦੇ ਸੇਵਾਦਾਰਾਂ ਨਾਲ ਹੋਇਆ ਜੋ ਕਿ ਉਗਰਾਹੀ ਕਰ ਰਹੇ ਸਨ, ਪੁਛਣ ਤੇ ਉਨ੍ਹਾਂ ਦੱਸਿਆ ਕਿ ਬਿਰਧ ਆਸਰਮ ਦੀ ਸੇਵਾ ਲਈ ਇਹ ਕਾਰਜ ਚੱਲ ਰਿਹਾ ਹੈ, ਜਿਸ ਦੀ ਦੇਖ ਰੇਖ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਰ ਰਹੇ ਹਨ, ਬਾਬਾ ਜੀ ਉਨ੍ਹਾਂ ਦੇ ਨਾਲ ਬਿਰਧ ਆਸ਼ਰਮ ਚਲੇ ਗਏ ਤੇ ਸੰਤਾਂ ਦੇ ਕਹਿਣ ਤੇ ਉਨ੍ਹਾਂ ਨੂੰ ਨੋਟਾਂ ਵਾਲਾ ਜਾਦੂ ਸ਼ੋਅ ਕਰਕੇ ਵਿਖਾਇਂਆ ਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੀ ਸੇਵਾ ਵਿੱਚ ਜੁਟ ਗਏ ਤੇ ਉਸੇ ਆਸ਼ਰਮ ਦੇ ਹੀ ਹੋ ਕੇ ਰਹਿ ਗਏ, ਸੋਨੀ ਬਾਬਾ ਜੀ ਦੀ ਸੇਵਾ ਤੋਂ ਖੁਸ਼ ਹੋ ਕੇ 29 ਦਸੰਬਰ 1997 ਨੂੰ ਸਟੇਜ ਤੇ ਪਗੜੀ ( ਦਸਤਾਰ ) ਬੰਨ੍ਹ ਕੇ ਸੋਨੀ ਬਾਬਾ ਜੀ ਨੂੰ ਹਿਕ ਨਾਲ ਲਾ ਕੇ ” ਪੁੱਤਰ ਚੇਲਾ ਬਣਾਇਆ ” ਤੇ ਗਰੀਬਾਂ ਦੀ ਸੇਵਾ ਤੇ ਖਾਸ ਕਰਕੇ ਲੋੜਵੰਦ ਲੜਕੀਆਂ ਦੀ ਸ਼ਾਦੀ ਕਰਨ ਦੀ ਪ੍ਰੇਰਨਾਦਾਇਕ ਸਿੱਖਿਆ ਦੇ ਕੇ, ਆਪਣੇ ਇਲਾਕੇ ਭਾਵ ਸ੍ਰੀ ਮੁਕਤਸਰ ਸਾਹਿਬ ਦੇ ਭਾਗ ਜਗਾਉਣ ਲਈ ਅਸ਼ੀਰਵਾਦ ਦੇ ਕੇ ਤੋਰਿਆ।
ਘਰ ਆ ਕੇ ਮਾਤਾ ਪਿਤਾ ਨੇ ਫਿਰ ਜਿੱਦ ਕਰਕੇ ਪਿੰਡ ਰਾਮੇਆਣੇ ਵਿੱਚ ਸੁਨਿਆਰ ਦੇ ਕੰਮ ਦੀ ਦੁਕਾਨਦਾਰੀ ਤੋਰ ਕੇ ਦਿੱਤੀ, ਪਰ ਬਾਬਾ ਜੀ ਦਾ ਮਨ ਤਾਂ ਸਦਾ ਸੇਵਾ ਲਈ ਹੀ ਭਟਕਦਾ ਰਹਿੰਦਾ ਸੀ, ਬਾਬਾ ਜੀ ਹੱਥੀ ਕੰਮ ਨੂੰ ਤਰਜੀਹ ਦੇ ਕੇ ਤੇ ਹੱਥੀ ਕੰਮ ਦੀ ਨਸੀਹਤ ਵੀ ਦਿੰਦੇ ਰਹਿੰਦੇ ਹਨ। ਘੁੰਮਦੇ-ਘੁੰਮਾਉਂਦੇ ਜਦੋਂ ਬਾਬਾ ਬਲਵਿੰਦਰ ਸਿੰਘ ਰਾਮੇਆਣੇ ਪਹੁੰਚੇ ਤਾਂ ਉਹਨਾਂ ਸੋਨੀ ਬਾਬਾ ਜੀ ਨੂੰ ਕਿਹਾ ਕੇ ਆਪ ਦੀ ਡਿਊਟੀ ਤਾਂ ਸੇਵਾ ਲਈ ਲਗਾਈ ਸੀ, ਪਰ ਆਪ ਫੇਰ ਦੁਨੀਆਦਾਰੀ ਦੇ ਝੂਠੇ ਧੰਦਿਆਂ ਵਿੱਚ ਪੈ ਗਏ ਹੋ ਉਹਨਾਂ ਦਾ ਹੁਕਮ ਮੰਨ ਕੇ ਬਾਬਾ ਜੀ ਨੇ ਸਾਰੀ ਦੁਕਾਨ ਦਾ ਕੀਮਤੀ ਸਮਾਨ ਵੇਚ ਕੇ ਪੰਜ ਲੜਕੀਆਂ ਦੀ ਸ਼ਾਦੀ ਤੇ ਲਗਾ ਦਿੱਤਾ, ਤੇ 2006 ਵਿੱਚ ਫਿਰ ਰੁਪਾਨੇ ਆ ਗਏ। ਤਿਆਗ ਦੀ ਮੂਰਤ ਬਾਬਾ ਜੀ ਦੀ ਇਸ ਕਰਾਮਾਤ ਦਾ ਮਾਤਾ-ਪਿਤਾ ਤੇ ਕਾਫੀ ਅਸਰ ਹੋਇਆ, ਤੇ ਉਹਨਾਂ ਨੇ ਵੀ ਬਾਬਾ ਸੋਨੀ ਦਾ ਪੂਰਾ ਸਾਥ ਦਿੱਤਾ। ਸ੍ਰੀ ਮੁਕਤਸਰ ਸਾਹਿਬ ਦੇ ਕਿਸੇ ਸ਼ੈਲਰ ਮਾਲਕ ਨੇ ਬਾਬਾ ਜੀ ਨਾਲ ਬਚਨ ਬਲਾਸ ਕਰਦਿਆਂ ਕਿਹਾ ਕਿ ਹਸਪਤਾਲਾਂ ਦੇ ਮਰੀਜਾਂ ਲਈ ਲੰਗਰ ਸੇਵਾ ਕਰੋ। ਬਾਬਾ ਜੀ ਨੇ ਉਹਨਾਂ ਦਾ ਹੁਕਮ ਸਿਰ ਮੱਥੇ ਪ੍ਰਵਾਨ ਕਰਕੇ ਡੱਬਵਾਲੀ ਵਿਖੇ 11 ਲੜਕੀਆਂ ਦੀ ਸ਼ਾਦੀ ਕੀਤੀ ਤੇ ਸਰਕਾਰੀ ਹਸਪਤਾਲ ਵਿੱਚ ਉੱਥੋਂ ਦੇ ਸਵਰਨਕਾਰ ਸੰਘ ਨਾਲ ਮਿਲ ਕੇ ਲੰਗਰ ਦੀ ਸੇਵਾ ਵੀ ਸ਼ੁਰੂ ਕੀਤੀ। ਇਸੇ ਤਰ੍ਹਾਂ ਹੀ ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਸੋਨੀ ਬਾਬਾ ਜੀ ਨੇ ਸਰਕਾਰੀ ਹਸਪਤਾਲ ਸਮੇਤ ਗੁਰੂ ਨਾਨਕ, ਅਸ਼ੀਰਵਾਦ, ਭੰਡਾਰੀ, ਆਦੇਸ਼ ਅਤੇ ਹੋਰ ਵੀ ਸਾਰੇ ਸ਼ਹਿਰ ਦੇ 28 ਹਸਪਤਾਲਾਂ ਵਿੱਚ ਦੋ ਸਮੇਂ ਦੀ ਨਿਰਵਿਘਨ ਲੰਗਰ ਸੇਵਾ ਸ਼ੁਰੂ ਕੀਤੀ ਹੋਈ ਹੈ।
ਬਾਬਾ ਸੋਨੀ ਦੀ ਇਸ ਸੇਵਾ ਤੋ ਪ੍ਰਭਾਵਿਤ ਹੋ ਕੇ ਮੈਡੀਕਲ ਕਾਲਜ ਫਰੀਦਕੋਟ ਦੇ ਨਾਲ ( ਫਰੀਦਕੋਟ ਵਿਖੇ ) ਇੱਕ ਗੁਰਦੁਆਰਾ ਸਾਹਿਬ ਸਾਹਿਬਜਾਦਾ ਅਜੀਤ ਸਿੰਘ ਜੀ ਦਾ ਨੀਂਹ ਪੱਥਰ ਵੀ ਉੱਥੋ ਦੀ ਸੰਗਤ ਨੇ ਬਾਬਾ ਸੋਨੀ ਜੀ ਤੋਂ ਉਹਨਾਂ ਦੇ ਕਰ ਕਮਲਾਂ ਨਾਲ ਰਖਾਇਆ ਤੇ ਉੱਥੇ ਕੈਪਟਨ ਧਰਮ ਸਿੰਘ ਸੇਵਾਦਾਰ ਨੇ ਵੀ ਖੁੱਲ੍ਹਾ ਲੰਗਰ ਹਰ ਸਮੇਂ ਚਲਾਇਆ ਹੋਇਆ ਹੈ ਜੋ ਨਿਰੰਤਰ ਚਾਲੂ ਰਹਿੰਦਾ ਹੈ, ਗੁਰੂ ਦੀ ਸੰਗਤ ਹਮੇਸ਼ਾਂ ਆਉਂਦੀ ਜਾਂਦੀ ਰਹਿੰਦੀ ਹੈ।
ਬਾਬਾ ਸੋਨੀ ਜੀ ਦੇ ਦੱਸਣ ਮੁਤਾਬਕ ਉਹਨਾਂ ਦੀ ਦੇਖ-ਰੇਖ ਤੇ ਇਲਾਕੇ ਦੀਆਂ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਹਜਾਰ ਦੇ ਕਰੀਬ ਸ਼ਾਦੀਆਂ ਅਮ੍ਰਿਤਸਰ ਵਿਖੇ, ਤੇ 500 ਤੋਂ ਵੱਧ ਸ਼ਾਦੀਆਂ ਮਾਲਵੇ ਭਾਵ ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ ਵਿੱਚ ਹੋ ਚੁੱਕੀਆਂ ਹਨ, ਜਿਸ ਵਿੱਚ ਇਲਾਕੇ ਭਰ ਦੀਆਂ ਸੰਗਤਾਂ ਅਤੇ ਦਾਨੀ ਸੱਜਣਾਂ ਦਾ ਪੂਰਨ ਸਹਿਯੋਗ ਰਹਿੰਦਾ ਹੈ। ਬਾਬਾ ਜੀ ਕਹਿੰਦੇ ਹਨ ਕਿ ਮੈਂ ਤਾਂ ਇੱਕ ਨਿਮਾਣਾ ਜਿਹਾ ਸੇਵਕ ਹਾਂ, ਕਰਨ ਵਾਲੇ ਪਰਮ ਪਿਤਾ ਪਰਮਾਤਮਾ ਜਾਂ ਘਟ-ਘਟ ਦੀ ਜਾਨਣ ਵਾਲੇ ਆਪ ਹੀ ਹਨ। ਇਲਾਕੇ ਤੇ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਇਹ ਕੰਮ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਤੇ ਚੱਲ ਰਿਹਾ ਹੈ। ਮੈਂ ਨਿਮਾਣਾ ਸੰਗਤਾਂ ਦੀ ਚਰਣ ਧੂੜ ਹਾਂ।
ਪੁੱਛਣ ਤੇ ਬਾਬਾ ਸੋਨੀ ਜੀ ਨੇ ਦੱਸਿਆ ਕਿ ਪਹਿਲਾਂ-ਪਹਿਲਾਂ ਤਾਂ ਮੈਨੂੰ ਘਰੋਂ ਮੇਰੇ ਪਰਿਵਾਰ ਵੱਲੋਂ ਕੋਈ ਸਹਿਯੋਗ ਨਹੀ ਸੀ ਮਿਲਦਾ, ਪਰ ਹੁਣ ਮੈਨੂੰ ਕੋਈ ਪ੍ਰੇਸ਼ਾਨੀ ਨਹੀ ਹੈ, ਮੇਰਾ ਸਾਰਾ ਪਰਿਵਾਰ ਤੇ ਸੇਵਾਦਾਰ ਵਧ ਚੜ ਕੇ ਸੇਵਾ ਕਰਦੇ ਹਨ। ਪਤਾ ਨਹੀ ਕਿੱਥੋਂ ਪਰਮ ਪਿਤਾ ਪਰਮਾਤਮਾ ਆਪੇ ਹੀ ਰਾਸ਼ਨ ਪਾਣੀ ਭੇਜ ਦਿੰਦਾ ਹੈ ਤੇ ਕੰਮ ਨੇਪਰੇ ਚੜਦਾ ਰਹਿੰਦਾ ਹੈ। ਪਿੱਛੇ ਜਿਹੇ ਰੁਪਾਨੇ ਵਿਖੇ ਸ਼ਾਦੀਆਂ ਵਿੱਚ ਦਾਸ ਨੂੰ ਵੀ ਜਾਣ ਦਾ ਸੁਭਾਗ ਪ੍ਰਾਪਤ ਹੋਇਆ, ਉੱਥੇ ਬਾਬਾ ਬਲਵਿੰਦਰ ਸਿੰਘ ਜੀ ਅੰਮ੍ਰਿਤਸਰ ਵਾਲੇ ਵੀ ਅਸ਼ੀਰਵਾਦ ਦੇਣ ਪਹੁੰਚੇ ਹੋਏ ਸਨ, ਉੱਥੋਂ ਦੀ ਖੁਸ਼ੀ ਵੇਖਿਆਂ ਹੀ ਬਣਦੀ ਸੀ।
ਸਿਰਫ 38 ਸਾਲ ਦੀ ਉਮਰ ਵਿੱਚ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਨਾਲ ਬਾਬਾ ਸੋਨੀ ਜੀ ਨੇ ਸੇਵਾ ਕਰਕੇ ਲੁਕਾਈ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ, ਇਸ ਦਾ ਸਿਹਰਾ ਇਲਾਕੇ ਦੀ ਸੰਗਤ, ਦਾਨੀ ਸੱਜਣਾਂ ਨੂੰ ਹੀ ਜਾਂਦਾ ਹੈ। ਬਾਬਾ ਜੀ ਇੱਕ ਨਿਮਾਣੇ ਸੇਵਕ ਵਾਂਗ ਐਸੀ ਸੇਵਾ ਅਖੀਰ ਤੱਕ ਨਿਭਾਉਂਦੇ ਰਹਿਣ ਤੇ ਉਹਨਾਂ ਦੀ ਉਮਰ ਲੰਬੀ ਹੋਵੇ, ਇਹ ਓਸ ਪਰਮ ਪਿਤਾ ਪ੍ਰਮਾਤਮਾ ਅੱਗੇ ਅਰਦਾਸ ਹੈ।

ਪੇਸ਼ਕਸ਼ : ਗੁਰਪ੍ਰੀਤ ਬਾਵਾ
ਸ੍ਰੀ ਮੁਕਤਸਰ ਸਾਹਿਬ।
ਮੋ : 98145-40110

Must Share With Your Friends...!

Comments

comments

Leave a Reply

Your email address will not be published. Required fields are marked *

*