#ਮੇਰੀ_ਅਨਪੜ੍ਹ_ਮਾਂ – Must Read
Templates by BIGtheme NET

#ਮੇਰੀ_ਅਨਪੜ੍ਹ_ਮਾਂ – Must Read

Must Share With Your Friends...!

ਮੇਰੀ ਮਾਂ ਹੋਰੀਂ ਛੇ ਭੈਣ ਭਰਾ ਆ ਤਿੰਨ ਬੀਬੀ ਹੋਰੀਂ ਵੱਡੀਆਂ ਤਿੰਨ ਛੋਟੇ ਮਾਮੇ। ਮੇਰੀ ਮਾਂ ਦੇ ਜਨਮ ਵੇਲੇ ਸਾਰੇ ਉਦਾਸ ਹੋ ਗਏ ਕਿ ਹਾਏ! ਇਸ ਵਾਰ ਫੇਰ ਕੁੜੀ। ਕਿਉਂਕਿ ਨਾਨਾ ਮੇਰਾ ਇਕੱਲਾ ਸੀ ਆਵਦੇ ਮਾਪਿਆਂ ਦੀ ਢੇਰੀ ਤੇ। ਉਦੋਂ ਬੰਦਿਆਂ ਵਾਲਿਆਂ ਦਾ ਜ਼ਮਾਨਾ ਸੀ ਜਿਸਦੇ ਖੇਤ ਕਮਾਉਣ ਵਾਲੇ ਬੰਦੇ ਵੱਧ ਹੁੰਦੇ ਉਹ ਕਾਮਯਾਬ ਸਮਝਿਆ ਜਾਂਦਾ ਸੀ ਕਈ ਵਾਰੀ ਕਿਸੇ ਦੀ ਸਰਦਾਰੀ ਵੀ ਇਉਂ ਹੀ ਪਰਖੀ ਜਾਂਦੀ ਸੀ ਬਈ ਫਲਾਣਿਆਂ ਦੇ ਤਾਂ ਚਾਰ ਹਲ ਵਗਦੇ ਆ ਉਨ੍ਹਾਂ ਦਾ ਕੋਈ ਕੀ ਮੁਕਾਬਲਾ ਕਰੂ ਨਾਲ਼ੇ ਉਦੋਂ ਜੋਰ ਜ਼ਬਰਦਸਤੀ ਵਾਲਾ ਜ਼ਮਾਨਾ ਸੀ ਬੰਦਿਆਂ ਵਾਲੇ ਜਰਵਾਣੇ ਮਾਰ ਧੜਾਂ ਵੀ ਕਰਦੇ ਕਮਜ਼ੋਰ ਇਕੱਲੇ ਕਹਿਰੇ ਬੰਦੇ ਨੂੰ ਮਾੜੇ ਬਲਦ ਵਾਂਗ ਊਈਂ ਦੱਬੀ ਰੱਖਦੇ ਉਸਨੂੰ ਸਾਰੀ ਉਮਰ ਉੱਠਣ ਨਾ ਦਿੰਦੇ ਅਗਲਾ ਡਰਦਾ ਮਾਰਾ ਦੜ ਵੱਟੀ ਰੱਖਦਾ।

ਕਈ ਬਦਮਾਸ਼ ਤਾਂ ਧੱਕੇ ਨਾਲ ਮਾੜੇ ਬੰਦੇ ਦੀ ਫ਼ਸਲ ਤੱਕ ਵੱਢ ਲਿਉਂਦੇ ਪਾਣੀ ਦੀ ਵਾਰੀ ਨਾ ਲਾਉਣ ਦਿੰਦੇ ਪੱਠੇ ਦੱਥੇ ਵੱਢਣੇ ਤਾਂ ਉਨ੍ਹਾਂ ਲਈ ਆਮ ਗੱਲ ਹੁੰਦੀ। ਸੱਥ ਪਰੇ ਪੰਚਾਇਤ ਵਿਚ ਵੀ ਬੰਦਿਆਂ ਵਾਲੇ ਹਿੱਕ ਦੇ ਜੋਰ ਤੇ ਆਪਣੀ ਗੱਲ ਮਨਾ ਜਾਂਦੇ ਤੇ ਭਲੇਮਾਣਸ ਡਰਦੇ ਨਾ ਬੋਲਦੇ। ਕਈ ਥਾਈਂ ਤਾਂ ਸ਼ਰੀਕੇ ਵਾਲੇ ਬੰਦੇ ਨੂੰ ਪਾਰ ਵੀ ਬੁਲਾ ਦਿੰਦੇ ਕਿਉਂਕਿ ਉਦੋਂ ਕਿਸੇ ਦੇ ਗੁੱਜਰ ਜਾਣ ਤੋਂ ਬਾਅਦ ਉਸਦੀ ਜ਼ਮੀਨ ਸ਼ਰੀਕੇ ਦੇ ਹੱਕੀ ਬੰਦਿਆਂ ਨੂੰ ਮਿਲ ਜਾਂਦੀ ਸੀ ਆਹ ਇੰਦਰਾ ਗਾਂਧੀ ਦੇ ਕੁੜੀਆਂ ਦੀ ਬਰਾਬਰੀ ਵਾਲਾ ਕਾਨੂੰਨ ਤਾਂ ਬਾਅਦ ਦੀਆਂ ਗੱਲਾਂ। ਇਹੀ ਹਾਲ ਮੇਰੇ ਨਾਨੇ ਦਾ ਸੀ ਜਿਸਨੂੰ ਉਸਦੀਆਂ ਭੂਆ ਨੇ ਲਕੋ ਲਕੋ ਆਪਣੇ ਚੁੱਲ੍ਹਿਆਂ ਤੇ ਪਾਲਿਆ ਸੀ ਤੇ ਉਹ ਕਈ ਵਰ੍ਹੇ ਲੁਕ ਛੁਪ ਕੇ ਆਪਣੀ ਜਾਨ ਬਚਾਉਂਦਾ ਰਿਹਾ। ਨਾਨੇ ਵਰਗੇ ਢੀਚਕ ਢੀਚਕ ਕਰਦੇ ਇੱਕ ਹਲ ਨਾਲ ਖਾਣ ਜੋਗੇ ਦਾਣੇ ਕੱਢ ਲੈਂਦੇ ਬਾਕੀ ਖੁੱਲ੍ਹੀ ਜ਼ਮੀਨ ਬੇ-ਆਬਾਦ ਪਈ ਰਹਿੰਦੀ ਨਾਨੇ ਨੂੰ ਇਕੱਲਿਆਂ ਤਕਾਉਂਦਿਆਂ ਕਈ ਵਾਰ ਅਣਪਛਾਤੇ ਬੰਦਿਆਂ ਨੇ ਹਮਲਾ ਕੀਤਾ ਪਰ ਉਹ ਜਿਵੇਂ ਕਿਵੇਂ ਪ੍ਰਮਾਤਮਾ ਦੀ ਕਿਰਪਾ ਨਾਲ ਬਚਦਾ ਰਿਹਾ। ਪਰ ਜਦੋਂ ਨਾਨਕਿਆਂ ਘਰੇ ਮੇਰੀ ਮਾਂ ਦੇ ਰੂਪ ‘ਚ ਤੀਜੀ ਵੀ ਕੁੜੀ ਆ ਗਈ ਤਾਂ ਸਭ ਨੇ ਉਦਾਸ ਤਾਂ ਹੋਣਾ ਹੀ ਸੀ ਬਈ ਹੁਣ ਘਰ ਦਾ ਕੀ ਬਣੂੰ ਫਿਰ ਮੇਰੀ ਨਾਨੀ ਨੇ ਮੇਰੀ ਮਾਂ ਦਾ ਨਾਂ “ਵੀਰਾਂ” ਰੱਖਿਆ ਕਿਉਂਕਿ ਉਦੋਂ ਮਿੱਥ ਸੀ ਕਿ ਵੀਰਾਂ ਨਾਮ ਰੱਖਣ ਨਾਲ ਇਸਦੇ ਵੀਰ ਹੋਣਗੇ “ਵੀਰਾਂ ਆਲੀ ਭੈਣ”। ਫਿਰ ਵੇਖਲੋ ਮਿੱਥ ਕਹਿ ਲਓ ਨਾਨੀ ਦਾ ਵਿਸ਼ਵਾਸ ਕਹਿ ਲਓ ਜਾਂ ਨਾਨੇ ਦੀ ਲੁਕ ਛਿਪ ਕੇ ਕੱਢੀ ਜ਼ਿੰਦਗੀ ਦਾ ਫਲ ਕਹਿ ਲਓ ਫਿਰ ਉਸੇ ਵੀਰਾਂ ਦੇ ਮੁੜ੍ਹਕੇ ਬੁਰਜੀਆਂ ਵਰਗੇ ਤਿੰਨ ਵੀਰ ਹੋਏ ਜੋ ਆਪਣੀ ਲਿਆਕਤ ਸਿਆਣਪ ਤੇ ਅੰਤਾਂ ਦੀ ਕੀਤੀ ਮਿਹਨਤ ਸਦਕਾ ਕਾਮਯਾਬੀ ਦੇ ਸਿਖਰਲੇ ਡੰਡੇ ਤੱਕ ਪਹੁੰਚੇ ਜਿਹਨਾ ਦੀ ਸਰਦਾਰੀ ਅੱਜ ਤੱਕ ਕਾਇਮ ਆ। ਪਰ ਮਾੜੀ ਕਿਸਮਤ ਵਾਲਾ ਨਾਨਾ ਇਹ ਸੁੱਖ ਜ਼ਿਆਦਾ ਦੇਰ ਤੱਕ ਨਾ ਦੇਖ ਸਕਿਆ ਤੇ ਜਾਂਦੇ ਰਾਹੀਆਂ ਸੰਗ ਰਲ ਗਿਆ ਘਰ ਇੱਕ ਵਾਰ ਫਿਰ ਡਾਵਾਂਡੋਲ ਹੋਇਆ ਪਰ ਵੱਡੇ ਤੁਫ਼ਾਨਾਂ ਦੇ ਲੰਘ ਜਾਣ ਤੋਂ ਬਾਅਦ ਕਿਸ਼ਤੀ ਨੂੰ ਸੰਭਾਲਣਾ ਸੌਖਾ ਸੀ।

ਤਿੰਨਾਂ ਭੈਣਾਂ ਨੇ ਭਰਵਾਂ ਨਾਲ ਰਲਕੇ ਬੰਦਿਆਂ ਵਾਂਗ ਕੰਮ ਕੀਤਾ ਘਰ ਬੰਨਿਆਂ। ਜ਼ਿੰਦਗੀ ਦੀ ਇਸੇ ਜੱਦੋ ਜਹਿਦ ਵਿਚ ਵੱਡੇ ਮਾਮੇ ਤੋਂ ਬਿਨਾਂ ਸਾਰੇ ਅਨਪੜ੍ਹ ਰਹਿ ਗਏ। ਬੀਬੀ ਦੇ ਕਹਿਣ ਵਾਂਗ ਕਿ ਪੁੱਤ ਉਦੋਂ ਕੁੜੀਆਂ ਤਾਂ ਊਈ ਨੀ ਸੀ ਕੋਈ ਪੜ੍ਹਾਉਂਦਾ ਅਸੀਂ ਕਿਥੋਂ ਪੜ੍ਹਦੀਆਂ ਨਾਲ਼ੇ ਘਰਦੇ ਹਾਲਾਤ ਹੀ ਐਸੇ ਸੀ ਤੇਰੇ ਵੱਡੇ ਮਾਮੇ ਨੂੰ ਸ਼ੌਂਕ ਸੀ ਪੜ੍ਹਨ ਦਾ, ਛੋਟੇ ਵਿਚਾਰੇ ਊਈਂ ਕੰਮ ਧੰਦਿਆਂ ਨੇ ਦੱਬ ਲਏ ਉਦੋਂ ਫਿਰ ਘਰ ਚਲਾਉਣ ਲਈ ਪੜ੍ਹਨ ਤੋਂ ਜ਼ਰੂਰੀ ਕੰਮ ਸੀ ਸੋ ਵੱਡਾ ਪੜ੍ਹ ਗਿਆ ਛੋਟਿਆਂ ਨੇ ਖੇਤ ਸੰਭਾਲ ਲਏ ਨਾਲ਼ੇ ਫਿਰ ਬਾਪੂ ਤੁਰ ਗਿਆ ਸੀ ਛੋਟੇ ਤਾਹੀਂ ਰਹਿ ਗਏ। ਛੋਟੇ ਮਾਮੇ ਨੂੰ ਤਾਂ ਇਸ ਗੱਲ ਦਾ ਗ਼ਮ ਅੱਜ ਵੀ ਆ ਕਿ ਮੈਂ ਪੜ੍ਹ ਨੀ ਸਕਿਆ ਜਦੋਂ ਪੰਜਾਬ ‘ਚ ਸਾਖਰਤਾ ਲਹਿਰ ਚੱਲੀ ਤਾਂ ਉਹ ਵਿਆਹੁਣ ਵਾਲੀ ਉਮਰ ‘ਚ ਵੀ ਪੰਜਾਬੀ ਵਾਲਾ ਕਾਇਦਾ ਚੱਕੀ ਨੀਲੇ ਟੇਲਰ ਕੋਲ ਪੜ੍ਹਨ ਜਾਂਦਾ ਮੈਂ ਆਪ ਵੇਖਿਆ ਉਹ ਵੱਡੀ ਉਮਰ ਦੇ ਬੰਦਿਆਂ ਨਾਲ ਬੈਠਾ ਪੰਜਾਬੀ ਸਿੱਖ ਰਿਹਾ ਹੁੰਦਾ ਮੇਰੇ ਵੇਖਦਿਆਂ ਵੇਖਦਿਆਂ ਮਾਮਾ ਨਾ ਸਿਰਫ਼ ਅੱਖਰ ਜੋੜ ਜੋੜ ਅਖ਼ਬਾਰ ਕਿਤਾਬਾਂ ਪੜ੍ਹਨ ਹੀ ਲੱਗ ਗਿਆ ਸਗੋਂ ਲੋੜ ਜੋਗੀ ਪੰਜਾਬੀ ਲਿਖ ਵੀ ਲੈਂਦਾ, ਦਸਤਕ ਕਰ ਲੈਂਦਾ। ਇਵੇਂ ਮੇਰੀ ਮਾਂ ਨੂੰ ਆ ਕਿ ਮੈਂ ਪੜ੍ਹ ਨੀ ਸਕੀ ਕਹੂ ਪੁੱਤ ਜੇ ਚਾਰ ਅੱਖਰ ਪੜ੍ਹ ਲੈਂਦੇ ਤਾਂ ਚੰਗਾ ਹੁੰਦਾ ਹੋਰ ਕੁਝ ਨੀਂ ਤਾਂ ਦਸਤਕ ਹੀ ਕਰ ਲੈਂਦੇ, ਜਦੋਂ ਕਦੇ ਲੋੜ ਵੇਲੇ ਗੂਠੇ ਕਾਲੇ ਕਰਨੇ ਪੈਂਦੇ ਆ ਤਾਂ ਬਾਹਲ਼ੀ ਸ਼ਰਮ ਆਉਂਦੀ ਆ।

ਮੈਂ ਸੋਚਦਾ ਕਿ ਇਨਸਾਨ ਨੂੰ ਪੜ੍ਹਾਈ ਦੀ ਕਿੰਨੀ ਲੋੜ ਆ ਅੱਖਰ ਗਿਆਨ ਮਨ ਦੇ ਚਾਨਣ ਲਈ ਕਿੰਨਾ ਜ਼ਰੂਰੀ ਆ। ਮੇਰੀ ਅਨਪੜ੍ਹ ਮਾਂ ਕਈ ਵਾਰ ਮੇਰਾ ਲਿਖਿਆ ਕਾਗਤ ਚੱਕ ਕੇ ਆਖੂ ਪੜ੍ਹ ਕੇ ਸੁਣਾ ਕੀ ਲਿਖਿਆ। ਕਈ ਵਾਰ ਕਿਸੇ ਪੇਪਰ ‘ਚ ਆਪਣੀ ਫ਼ੋਟੋ ਦੇਖ ਕੇ ਆਖੂ ਮੈਨੂੰ ਪਤਾ ਮੇਰੇ ਤੇ ਲਿਖਿਆ ਪਰ ਮੈਂ ਪੜ੍ਹ ਨੀ ਸਕਦੀ, ਪੜ੍ਹ ਕੇ ਸੁਣਾ ਤੇ ਆਪਣਾ ਹਰ ਵਾਰ ਉਹੀ ਰਟਿਆ ਰਟਾਇਆ ਜਵਾਬ ਹੁੰਦਾ ਕਿ ਬੀਬੀ ਤੈਨੂੰ ਪਤਾ ਮੇਰੇ ਤੋਂ ਪੜ੍ਹਿਆ ਨੀ ਜਾਣਾ ਤੇ ਤੇਰੇ ਤੋਂ ਸੁਣਿਆ ਨੀ ਜਾਣਾ। ਮੇਰੀ ਅਨਪੜ੍ਹ ਮਾਂ ਲੱਖਾਂ ਹੀ ਗੱਲਾਂ ਆਪਣੇ ਢਿੱਡ ‘ਚ ਲਕੋਈ ਲਿਖੇ ਕਾਗ਼ਤਾਂ ਤੇ ਹੱਥ ਫੇਰ ਛੱਡਦੀ ਆ ਜਿਵੇਂ ਉਨ੍ਹਾਂ ਚੋਂ ਕੁਝ ਲੱਭ ਰਹੀ ਹੋਵੇ ਜਿਵੇਂ ਉਨ੍ਹਾਂ ਅੱਖਰਾਂ ‘ਚ ਉਸਦਾ ਕੁਝ ਗਵਾਚ ਗਿਆ ਹੋਵੇ। ਕੱਲ੍ਹ ਅਸੀਂ ਹਾਸੇ ਹਾਸੇ ‘ਚ ਮਾਂ ਨੂੰ ਕਿਹਾ ਲਿਆ ਬੀਬੀ ਤੈਨੂੰ ਲਿਖਣਾ ਸਿਖਾਵਾਂ ਪਹਿਲਾ ਅੱਖਰ ਕੀ ਪਾਵੇਗੀ। ‘ਤੇ ਬੀਬੀ ਦੂਰ ਕੀਤੇ ਪਿਛਲੇ ਸਮਿਆਂ ‘ਚ ਗਵਾਚੀ ਖ਼ੁਸ਼ੀ ਭਰੀਆਂ ਅੱਖਾਂ ਤੇ ਭਰੇ ਮਨ ਨਾਲ ਬੋਲੀ…. “ਵੀਰਾਂ” ਵੀਰਾਂ ਦੀ ਭੈਣ “ਵੀਰਾਂ”
– ਕਰਨ ਬਰਾੜ ਹਰੀ ਕੇ ਕਲਾਂ +61430850045

Must Share With Your Friends...!

Comments

comments

Leave a Reply

Your email address will not be published. Required fields are marked *

*