ਭੰਗਚੜੀ ਦੇ ਲੋਕ ਭੋਗ ਰਹੇ ਹਨ ਨਰਕ ਵਰਗੀ ਜਿੰਦਗੀ
Templates by BIGtheme NET

ਭੰਗਚੜੀ ਦੇ ਲੋਕ ਭੋਗ ਰਹੇ ਹਨ ਨਰਕ ਵਰਗੀ ਜਿੰਦਗੀ

Must Share With Your Friends...!

– ਮਾਮਲਾ ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ਦਾ
ਸ੍ਰੀ ਮੁਕਤਸਰ ਸਾਹਿਬ, ( ਰਾਜ ਕੰਵਲ )- ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਪਿੰਡ ਭੰਗਚੜੀ ਦੇ ਲੋਕ ਨਰਕ ਵਰਗੀ ਜਿੰਦਗੀ ਬਤੀਤ ਕਰ ਰਹੇ ਹਨ, ਕਿਉਂਕਿ ਕੁਝ ਸਮਾਂ ਪਹਿਲਾਂ ਸੀਵਰੇਜ਼ ਟਰੀਟਮੈਂਟ ਪਲਾਂਟ ਜਦੋਂ ਤੋਂ ਬਨਣਾ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਪਿੰਡ ਦੀਆਂ ਗਲੀਆਂ ਨਾਲੀਆਂ ਪੁੱਟੀਆਂ ਹੋਣ ਕਰਕੇ ਬਾਰਿਸ਼ ਹੋਣ ਕਾਰਨ ਜਗ੍ਹਾ-ਜਗ੍ਹਾ ਤੇ ਪਾਣੀ ਖੜ੍ਹ ਜਾਂਦਾ ਹੈ। ਪਲਾਂਟ ਕੰਪਲੀਟ ਹੋਣ ਤੋਂ ਬਾਅਦ ਜਦੋਂ ਦਾ ਇਹ ਚਾਲੂ ਹੋਇਆ ਹੈ ਉਸਤੋਂ ਬਾਅਦ ਇਹ ਚੰਗੀ ਤਰ੍ਹਾਂ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀ ਹੋ ਸਕੀ। ਸੀਵਰੇਜ਼ ਸਿਸਟਮ ਪੂਰੀ ਤਰ੍ਹਾਂ ਨਾਲ ਕੰਮ ਨਹੀ ਕਰ ਰਿਹਾ ਹੈ, ਜਿਸ ਕਾਰਨ ਲੋਕਾਂ ਦੇ ਘਰਾਂ ਦਾ ਪਾਣੀ ਇਸ ਸਿਸਟਮ ਰਾਹੀਂ ਨਿਕਾਸੀ ਨਹੀ ਹੋ ਰਿਹਾ।
ਪਿਛਲੇ ਕੁਝ ਕੁ ਦਿਨਾਂ ਤੋਂ ਹੋਈ ਬਾਰਿਸ਼ ਕਾਰਨ ਪਿੰਡ ਦੀਆਂ ਗਲੀਆਂ ਵਿੱਚ ਪਾਣੀ ਖੜਾ ਹੋ ਗਿਆ ਹੈ। ਥਾਂ-ਥਾਂ ਖੜਾ ਪਾਣੀ ਗੰਦੀ ਬਦਬੂ ਮਾਰਨ ਕਾਰਨ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਗਲੀਆਂ ਵਿੱਚ ਖੜ੍ਹੇ ਪਾਣੀ ਤੇ ਮੱਛਰਾਂ ਦੇ ਝੁੰਡ ਆਮ ਹੀ ਦੇਖੇ ਜਾ ਸਕਦੇ ਹਨ। ਪਿੰਡ ਵਿੱਚ ਮਲੇਰੀਏ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਪਿੰਡ ਵਾਸੀ ਕਈ ਵਾਰ ਪ੍ਰਸ਼ਾਸ਼ਨ ਨੂੰ ਅਪੀਲ ਕਰ ਚੁੱਕੇ ਹਨ ਅਤੇ ਪੰਚਾਇਤ ਨੂੰ ਵੀ ਕਹਿ ਚੁੱਕੇ ਹਨ, ਪਰ ਅਜੇ ਤੱਕ ਪਾਣੀ ਦੀ ਨਿਕਾਸੀ ਨਹੀ ਹੋ ਰਹੀ। ਪ੍ਰਸ਼ਾਸ਼ਨ ਦੇ ਕਈ ਅਧਿਕਾਰੀ ਪਿੰਡ ਦਾ ਦੌਰਾ ਕਰ ਚੁੱਕੇ ਹਨ। ਜਿਕਰਯੋਗ ਹੈ ਕਿ ਅਕਾਲੀ ਦਲ ਦੇ ਪਿੰਡ ਵਿੱਚ ਦੋ ਗਰੁੱਪ ਹੋਣ ਕਰਕੇ ਆਪਸ ਵਿੱਚ ਟਸ਼ਨਬਾਜੀ ਚਲਦੀ ਹੀ ਰਹਿੰਦੀ ਹੈ। ਇੱਕ ਗਰੁੱਪ ਵਿਕਾਸ ਕਰਾਉਂਦਾ ਹੈ, ਪਰ ਦੂਜਾ ਵਿੱਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਕਿਉਂਕਿ ਇਹਨਾਂ ਦੋਹਾਂ ਗਰੁੱਪਾਂ ਵਿਚਕਾਰ ਗਲੀਆਂ ਦੇ ਮਸਲੇ ਨੂੰ ਲੈ ਕੇ ਪ੍ਰਸ਼ਾਸ਼ਨ ਵਿੱਚ ਕੇਸ ਵੀ ਚਲਦੇ ਸਨ। ਚੋਣਾ ਦੌਰਾਨ ਜਿਸ ਧਿਰ ਨੂੰ ਅਕਾਲੀ ਦਲ ਦੀ ਸਰਪੰਚੀ ਦੀ ਟਿਕਟ ਮਿਲੀ ਸੀ ਉਹ ਹਾਰ ਗਏ ਸਨ। ਦੂਜੇ ਪਾਸੇ ਜਿੰਨਾਂ ਨੂੰ ਅਕਾਲੀ ਦਲ ਦਾ ਸਮਰਥਨ ਨਹੀ ਸੀ ਉਹ ਜਿੱਤ ਗਏ ਸਨ। ਇਸੇ ਕਰਕੇ ਹੀ ਪਿੰਡ ਭੰਗਚੜੀ ਦਾ ਵਿਕਾਸ ਸਹੀ ਢੰਗ ਨਾਲ ਨਹੀ ਹੋ ਰਿਹਾ। ਪਿੰਡ ਵਾਸੀਆਂ ਦੀ ਮੰਗ ਹੈ ਕਿ ਆਪਸੀ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡ ਦਾ ਵਿਕਾਸ ਕਰਵਾਇਆ ਜਾਵੇ। ਜਦੋਂ ਪਿੰਡ ਦੇ ਹਲਾਤਾਂ ਸਬੰਧੀ ਪਿੰਡ ਦੇ ਸਰਪੰਚ ਬੋਹੜ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਸੀਵਰੇਜ਼ ਬੰਦ ਹੋਣ ਦਾ ਕਾਰਨ ਪਿੰਡ ਵਾਸੀਆਂ ਦਾ ਵੀ ਕਸੂਰ ਹੈ, ਅਸੀ ਦੋ ਤਿੰਨ ਵਾਰ ਸੀਵਰੇਜ਼ ਦੀ ਸਫਾਈ ਕਰਵਾ ਚੁੱਕੇ ਹਾਂ, ਪਰ ਪਿੰਡ ਦੇ ਕੁਝ ਲੋਕਾਂ ਵੱਲੋਂ ਸੀਵਰੇਜ਼ ਦੇ ਮੇਨਹੋਲਾਂ ਵਿੱਚ ਭਾਂਡੇ ਤੇ ਹੋਰ ਕੂੜਾ ਕਰਕਟ ਵਿੱਚ ਸੁੱਟਿਆ ਜਾ ਰਿਹਾ ਹੈ। ਜ਼ਮੀਨ ਦੋਜ ਪਾਈਪਾਂ ਛੋਟੀਆਂ ਹੋਣ ਕਾਰਨ ਵੀ ਪਾਣੀ ਦੀ ਨਿਕਾਸੀ ਚੰਗੀ ਤਰ੍ਹਾਂ ਨਹੀ ਹੋ ਰਹੀ। ਜਿਕਰਯੋਗ ਹੈ ਕਿ ਪੰਚਾਇਤ ਨੇ ਪਹਿਲਾਂ ਕਿਹਾ ਸੀ ਕਿ ਠੇਕੇਦਾਰ ਹੀ ਪੱਟੀਆਂ ਹੋਈਆਂ ਗਲੀਆਂ ਇੰਟਰ ਲੌਕਿੰਗ ਟਾਇਲਾਂ ਲਗਾ ਕੇ ਬਣਾ ਕੇ ਦੇਵੇਗਾ, ਪਰ ਹੁਣ ਉਹੀ ਪੰਚਾਇਤ ਕਹਿ ਰਹੀ ਹੈ ਕਿ ਇਹਨਾਂ ਗਲੀਆਂ ਦੇ ਟੈਂਡਰ ਸੱਤਵੇਂ ਅੱਠਵੇਂ ਮਹੀਨੇ ਵਿੱਚ ਲਏ ਜਾਣਗੇ ਅਤੇ ਉਸਤੋਂ ਬਾਅਦ ਹੀ ਗਲੀਆਂ ਬਣਾਈਆਂ ਜਾਣਗੀਆਂ। ਇਸ ਸਬੰਧ ਵਿੱਚ ਜਦ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ”ਲੀਡਰਾਂ ਨੂੰ ਵੋਟਾਂ ਨੇੜੇ ਹੀ ਪਿੰਡ ਭੰਗਚੜੀ ਦੀ ਯਾਦ ਆਉਂਦੀ ਹੈ, ਸਾਡਾ ਪਿੰਡ ਕਾਫੀ ਹੋਰ ਮੁੱਢਲੀਆਂ ਸਹੂਲਤਾਂ ਤੋਂ ਵੀ ਪੱਛੜਿਆ ਹੋਇਆ ਹੈ। ਇੱਥੇ ਨਾ ਅਕਾਲੀ-ਭਾਜਪਾ ਨੇ ਤੇ ਨਾ ਕਾਂਗਰਸੀਆਂ ਨੇ ਪਿੰਡ ਦਾ ਕੁਝ ਸੰਵਾਰਿਆ”। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਸਾਡੇ ਪਿੰਡ ਕੋਈ ਸਾਰ ਨਾ ਲਈ ਤਾਂ ਸਾਰੇ ਪਿੰਡ ਵਾਸੀ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਦਾ ਬਾਈਕਾਟ ਕਰਨਗੇ। ਜਦੋਂ ਪਿੰਡ ਸਬੰਧੀ ਆਮ ਆਦਮੀ ਪਾਰਟੀ ਦੇ ਵਰਕਰ ਗੁਰਮੀਤ ਸਿੰਘ ਸੈਕਟਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾ ਕਿਹਾ ਕਿ ਸਾਡੀ ਸਰਕਾਰ ਬਨਣ ਤੇ ਪਿੰਡ ਨੂੰ ”ਚੰਡੀਗੜ੍ਹ” ਬਣਾ ਦਿਆਂਗੇ। ਇਸ ਮਾਮਲੇ ਸਬੰਧੀ ਜਦੋਂ ਹਲਕੇ ਦੇ ਐਮ.ਐਲ.ਏ ਹਰਪ੍ਰੀਤ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਲਗਾਤਾਰ ਦੋ ਵਾਰ ਫੋਨ ਕੱਟ ਦਿੱਤਾ। ਇਸ ਤੋਂ ਸਾਫ ਜਾਹਿਰ ਹੈ ਕਿ ਐਮ.ਐਲ.ਏ ਸਾਬ੍ਹ ਨੂੰ ਵੀ ਪਿੰਡ ਭੰਗਚੜੀ ਦੀ ਕੋਈ ਫਿਕਰ ਨਹੀ। ਇਸ ਮੌਕੇ ਹਰਪਾਲ ਸਿੰਘ, ਮੋਹਨ ਸਿੰਘ ਫੌਜੀ, ਬੱਗਾ ਸਿੰਘ, ਲੁਗਰਾ, ਗੁਰਪ੍ਰੀਤ ਸਿੰਘ, ਸਰਬਾ ਸੇਠ, ਮੰਗਾ ਸਿੰਘ ਆਦਿ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*