ਪੰਜਾਬੀ ਵਿਰਸੇ ਦੀ ਬਾਤ ਪਾਉਂਦੀ ਕਲਮ- ਤ੍ਰਿਪਤਾ ਬਰਮੌਤਾ
Templates by BIGtheme NET

ਪੰਜਾਬੀ ਵਿਰਸੇ ਦੀ ਬਾਤ ਪਾਉਂਦੀ ਕਲਮ- ਤ੍ਰਿਪਤਾ ਬਰਮੌਤਾ

Must Share With Your Friends...!

‘ਤ੍ਰਿਪਤਾ ਬਰਮੌਤਾ’, ਸਾਹਿਤਕ ਖੇਤਰ ਵਿਚ ਕੋਈ ਨਵਾਂ ਨਾਓਂ ਨਹੀ। ਅਰਸ਼ਾਂ ਵਿਚੋਂ ਵਿਚਰਦੀਆਂ, ਪੰਜਾਬੀ ਵਿਰਸੇ ਦੀ ਬਾਤ ਪਾਉਂਦੀਆਂ ਕਲਮਾਂ ਦੀ ਸਤਰੰਗੀ ਪੀਂਘ ਦੇ ਇਕ ਨਿੱਖਰਵੇਂ ਖੂਬਸੂਰਤ ਰੰਗ ਦਾ ਨਾਂਓਂ ਹੈ-‘ਤ੍ਰਿਪਤਾ ਬਰਮੌਤਾ’। ਉਹ ਤ੍ਰਿਪਤਾ, ਜਿਹੜੀ ਕਿ ਪਿਛਲੇ ਡੇਢ ਦਹਾਕੇ ਤੋਂ ਕਦੀ ਧੁੱਪ, ਕਦੀ ਛਾਂ : ਕਦੀ ਹਨੇਰੀ ਅਤੇ ਕਦੀ ਝੱਖੜਾਂ ਦੇ ਬੁੱਲੇ ਝੱਲਦਿਆਂ, ਸਮਾਜਿਕ ਬੁਰਾਈਆਂ ਉਤੇ ਚੋਟ ਮਾਰਦੀ ਹੋਈ ਸਾਹਿਤਕ ਖੇਤਰ ਦੀ ਪਾਤਰ ਬਣੀ ਹੋਈ ਹੈ। ਇਕ ਮੁਲਾਕਾਤ ਦੌਰਾਨ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਉਸ ਦੱਸਿਆ ਕਿ ਸਾਹਿਤਕ ਅਤੇ ਸੱਭਿਆਚਾਰਕ ਖੇਤਰ ਵਿਚ ਟ੍ਰਾਫੀਆਂ ਅਤੇ ਸਰਟੀਫਿਕੇਟ ਜਿੱਤ ਕੇ ਝੜੀ ਲਾਉਣ ਦਾ ਪਲੇਟਫਾਰਮ ਉਸਨੂੰ ਬਾਲ-ਉਮਰੇ ਸਕੂਲ ਦੀਆਂ ਸਟੇਜਾਂ ਤੋਂ ਹੀ ਮਿਲ ਗਿਆ ਸੀ, ਜਿਹੜਾ ਕਿ ਹੁਸ਼ਿਆਰਪੁਰ ਬੀ. ਏ. ਦੀ ਪੜ੍ਹਾਈ ਕਰਨ ਤਕ ਉਸੇ ਤਰਾਂ ਬਰਕਰਾਰ ਰਿਹਾ। ਉਹ ਬੀ.ਏ. ਤੋਂ ਬਾਅਦ ਉਚੇਰੀ ਵਿਦਿਆ ਪ੍ਰਾਪਤ ਕਰਨਾ ਚਾਹੁੰਦੀ ਸੀ, ਪਰ ਮੱਥੇ ਦੀਆਂ ਲਕੀਰਾਂ ਨੇ ਸਾਥ ਨਾ ਦਿੱਤਾ। ਉਨ੍ਹਾਂ ਲਕੀਰਾਂ ਨੂੰ ਨਵੇਂ ਸਿਰਿਓਂ ਵਾਹੁਣ ਲਈ ਉਹ ਅੱਜ ਵੀ ਕਿਤਾਬਾਂ ਵਿਚ ਗੁਆਚੀ ਰਹਿੰਦੀ ਹੈ ਤਾਂ ਜੋ ਉਹ ਜ਼ਿੰਦਗੀ ਵਿਚ ਕੁਝ ਬਣ ਕੇ ਕੋਈ ਮੁਕਾਮ ਹਾਸਲ ਕਰ ਸਕੇ। ਬਰਮੌਤਾ ਨੇ ਦੱਸਿਆ ਕਿ ਉਸਦੀ ਜ਼ਿੰਦਗੀ ਵਿਚ ਕਦੀ ਮਿੱਠੇ, ਕਦੀ ਕੌੜੇ ਪਲਾਂ ਦੇ ਅਨੇਕਾਂ ਉਤਰਾ-ਚੜ੍ਹਾਓ ਆਏ। ਸਭ ਤੋਂ ਕੌੜੇ ਪਲ ਉਸਦੇ ਪਿਤਾ ਜੀ ਅਤੇ ਭੈਣ ਦਾ ਸਦੀਵੀ ਵਿਛੋੜਾ ਸੀ। ਇਸ ਤੋਂ ਇਲਾਵਾ ਕਿਸੇ ਵਿਅੱਕਤੀ ਦੀ ਬੇ-ਰੁੱਖੀ ਦੀ ਮਾਰ ਸਹਿਣਾ ਉਸਦੇ ਲਈ ਕਿਸੇ ਕਾਲੇ ਪਾਣੀ ਦੀ ਸਜ਼ਾ ਤੋਂ ਘੱਟ ਨਹੀ ਸੀ। ਪਰ ਓਸ ਮਾਲਕ ਦੀ ਰਜ਼ਾ ਵਿਚ ਸਬਰ-ਸਬੂਰੀ ਨਾਲ ਰਹਿੰਦਿਆਂ ਉਹ ਅਡੋਲ ਹੋ ਕੇ ਤੁਰੀ ਰਹੀ। ਜਿਹਨ ਉਤੇ ਹੰਢਾਏ ਸਾਰੇ ਇਹ ਕੌੜੇ-ਫਿੱਕੇ ਤਜ਼ਰਬੇ ਉਸਦੀ ਕਲਮ ਦੇ ਨੱਕੇ ਵਿਚੋਂ ਲੰਘਕੇ ਕਵਿਤਾਵਾਂ, ਗੀਤਾਂ, ਗਜ਼ਲਾਂ, ਮਿੰਨੀ ਕਹਾਣੀਆਂ ਅਤੇ ਲੇਖਾਂ ਆਦਿ ਦਾ ਰੂਪ ਧਾਰਨ ਕਰਦੇ, ਅਖਬਾਰਾਂ ਰਸਾਲਿਆਂ ਅਤੇ ਮੈਗਜੀਨਾਂ ਰਾਂਹੀਂ ਪਾਠਕਾਂ ਤਕ ਲਗਾਤਾਰ ਪਹੁੰਚਦੇ ਰਹੇ। ਇਸ ਤਰਾਂ ਜਿੱਥੇ ਉਸ ਦੇ ਦਰਦ ਨੂੰ ਕੁਝ ਰਾਹਿਤ ਮਿਲ ਜਾਂਦੀ ਰਹੀ, ਉਥੇ ਆਪਣੀ ਮੰਜਲ ਤੱਕ ਪਹੁੰਚਣ ਦੀ ਕੋਸ਼ਿਸ਼ ਵਿਚ ਲੱਗੀ ਕਲਮ ਨੇ ਕਈ ਕਿਤਾਬਾਂ ਛਾਪਣ ਜੋਗੇ ਮੈਟਰ ਨਾਲ ਉਸਦੀ ਘਰ ਦੀ ਅਲਮਾਰੀ ਵੀ ਭਰ ਦਿੱਤੀ। ਇਸਤੋਂ ਵੀ ਅੱਗੇ, ਕਲਮ ਦਾ ਪਰ-ਉਪਕਾਰ ਇਹ ਕਿ ਉਸ ਨੇ ਪੱਕੀ ਸਾਥਣ ਬਣ ਕੇ ਜ਼ਿੰਦਗੀ ਜਿਊਣ ਦਾ ਉਸਨੂੰ ਰਾਹ ਵੀ ਦਰਸਾਈ ਰੱਖਿਆ। ਕਲਮੀ-ਭੰਡਾਰੇ ਵਿਚੋਂ ਕੁਝ ਕੋ ਪਰਾਗੇ ਕੱਢ ਕੇ ਬਰਮੌਤਾ ਕਈ ਵੱਖ-ਵੱਖ ਸਾਂਝੀਆਂ ਪ੍ਰਕਾਸ਼ਾਵਾਂ ਦਾ ਸ਼ਿੰਗਾਰ ਵੀ ਬਣ ਚੁੱਕੀ ਹੈ, ਜਿਨ੍ਹਾਂ ਵਿਚੋਂ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੀਆਂ ਪੁਸਤਕਾਂ ‘ਕਲਮਾਂ ਦੀ ਪਰਵਾਜ’ (252 ਕਲਮਾਂ) ਅਤੇ ‘ਕਲਮਾਂ ਦੇ ਸਿਰਨਾਂਵੇਂ’ (287 ਕਲਮਾਂ) ਵਿਚ ਛਪਣ ਦਾ ਉਹ ਵਿਸੇਸ਼ ਜਿਕਰ ਕਰਦੀ ਹੈ। ਇਸ ਤੋਂ ਇਲਾਵਾ ਆਲ ਇੰਡੀਆ ਰੇਡੀਓ ਸਟੇਸ਼ਨ ਅਤੇ ਦੂਰਦਰਸ਼ਨ ਜਲੰਧਰ ਦੇ ਵਿਹੜੇ ਜਾ ਕੇ ਵੀ, ਕਈ ਅੱਡ-ਅੱਡ ਪ੍ਰੋਗਰਾਮਾਂ ਵਿਚ ਉਹ ਵਧੀਆ ਹਾਜਰੀਆਂ ਭਰ ਆਈ ਹੈ, ਆਪਣੀ ਲਿਖਤ ਅਤੇ ਅਵਾਜ ਦੁਆਰਾ।
ਪਰਿਵਾਰਕ ਪੱਖ ਦੀ ਗੱਲ ਛੇੜਨ ਤੇ ਉਸ ਦੱਸਿਆ ਕਿ ਦੁੱਖਾਂ-ਦਰਦਾਂ ਵਿਚੋਂ ਬਾਹਰ ਕੱਢਣ ਲਈ ਓਸ ਮਾਲਕ ਨੇ ਆਣ ਉਸ ਦੀ ਨੇੜੇ ਹੋ ਕੇ ਸੁਣੀ। ਇਕ ਨੰਨਾ-ਮੁੰਨਾ ਲਾਲ ਉਸ ਦੀ ਝੋਲੀ ਪਾ ਦਿੱਤਾ। ਇਸ ਲਾਲ ਦੇ ਆਮਦ ਉਤੇ ਉਹ ਸਭ ਹਨੇਰੀਆਂ ਰਾਤਾਂ ਅਤੇ ਹਨੇਰੇ-ਕਾਲੇ ਦਿਨਾਂ ਨੂੰ ਭੁੱਲ ਗਈ। ਉਸਨੇ ਆਪਣੇ ਸਾਹਿਬਜਾਦੇ ਦਾ ਨਾਉਂ ‘ਅੰਸ਼ੂਮਨ’ ਰੱਖ ਲਿਆ। ਪਰਿਵਾਰ ਵਿਚ ਪਿਆਰ ਕਰਨ ਵਾਲੇ ਵਧੀਆ ਪਤੀ, ਡਾਕਟਰ ਸੁਰਿੰਦਰ ਕੁਮਾਰ ਜਨਾਗਲ ਅਤੇ ਮਾਂ ਸੁਰਜੀਤ ਕੌਰ ਵਰਗਾ ਮੋਹ-ਪਿਆਰ ਅਤੇ ਲਾਡ ਲਡਾਉਣ ਵਾਲੀ ਸੱਸ-ਮਾਤਾ ਸ੍ਰੀਮਤੀ ਨਸੀਬ ਕੌਰ ਜੀ ਨਾਲ ਤ੍ਰਿਪਤਾ ਹੁਣ ਬਹੁਤ ਖੁਸ਼ ਹੈ, ਜਿਹੜੇ ਕਿ ਉਸਦੀ ਕਲਮ ਦੀ ਕਦਰ ਵੀ ਕਰਦੇ ਹਨ ਅਤੇ ਸਲਾਹਣਾ ਵੀ।
ਰੱਬ ਕਰੇ ਸਾਹਿਤ ਅਤੇ ਕਲਾ ਦੀ ਪੁਜਾਰਨ ਤ੍ਰਿਪਤਾ ਬਰਮੌਤਾ ਆਪਣੀ ਜਾਨਦਾਰ ਤੇ ਸ਼ਾਨਦਾਰ ਕਾਨੀ ਹੱਥ ਚ ਫੜੀ, ਮਸਤ ਚਾਲੇ ਚੱਲਦੀ, ਮਾਨ-ਸਨਮਾਨ ਝੋਲੀ ਪੁਆਉਂਦੀ, ਪੰਜਾਬੀ ਮਾਂ-ਬੋਲੀ ਤੋਂ ਅਸੀਸਾਂ ਅਤੇ ਦੁਆਵਾਂ ਖੱਟਦੀ, ਮੰਜਲ ਵਲ ਵਧਦੀ ਰਵੇ ! ਸ਼ੋਹਰਤ ਦੀਆਂ ਉਚਾਈਆਂ ਦੀ ਮੰਜਲ ਜਰੂਰ ਕਦਮ ਚੁੰਮੇਗੀ ਉਸਦੇ ! ਆਮੀਨ !
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ : ਸ੍ਰੀਮਤੀ ਤ੍ਰਿਪਤਾ ਬਰਮੌਤਾ, ਲੁਧਿਆਣਾ (9781281565)

Must Share With Your Friends...!

Comments

comments

Leave a Reply

Your email address will not be published. Required fields are marked *

*