#ਭੈਣ_ਦੇ_ਸਵਾਟਰ – ਕਰਨ ਬਰਾੜ
Templates by BIGtheme NET

#ਭੈਣ_ਦੇ_ਸਵਾਟਰ – ਕਰਨ ਬਰਾੜ

Must Share With Your Friends...!

ਇਹ ਗੱਲ ਸੱਚੀ ਆ ਕਿ ਛੋਟੇ ਹੁੰਦਿਆਂ ਸਾਨੂੰ ਨਿੱਕੀਆਂ ਭੈਣਾਂ ਨਾਲੋਂ ਜ਼ਿਆਦਾ ਮਿਲਦਾ ਰਿਹਾ ਸਾਡੀਆਂ ਜਿੱਦਾਂ ਜ਼ਿਆਦਾ ਪੁੱਗਦੀਆਂ ਰਹੀਆਂ ਸਾਡੀਆਂ ਜ਼ਰੂਰਤਾਂ ਜ਼ਿਆਦਾ ਪੂਰੀਆਂ ਹੁੰਦੀਆਂ ਰਹੀਆਂ। ਇਹ ਪੜ੍ਹਾਈ ਚ ਵੀ ਸਾਡੇ ਤੋਂ ਜ਼ਿਆਦਾ ਹੁਸ਼ਿਆਰ ਹੁੰਦੀਆਂ ਸੀ ਘਰ ਦੇ ਕੰਮਾਂ ਧੰਦਿਆਂ ਚ ਵੀ ਹੱਥ ਵਟਾਉਂਦੀਆਂ ਸਾਡੇ ਸਕੂਲ ਦਾ ਕੰਮ ਵੀ ਕਰ ਦਿੰਦੀਆਂ ਸੀ ਬਈ ਸਾਡਾ ਆਲਾ ਨੂੰ ਸਕੂਲੋਂ ਕੁੱਟ ਨਾ ਪਵੇ। ਅਸੀਂ ਫੇਰ ਵੀ ਅਕਸਰ ਛੋਟੀਆਂ ਹੋਣ ਕਰਕੇ ਇਹਨਾਂ ਨਾਲ ਜ਼ਿਆਦਤੀ ਕਰ ਜਾਂਦੇ ਸੀ ਆਪਣੀ ਮਨ ਮਰਜ਼ੀ ਪੁਗਾ ਜਾਂਦੇ ਸੀ ਪਰ ਇਹ ਫੇਰ ਵੀ ਸਾਡੇ ਪਿੱਛੇ ਪਿੱਛੇ ਤੁਰਦੀਆਂ ਸਾਡੀ ਸੁੱਖ ਲੋੜਦੀਆਂ ਅਰਦਾਸਾਂ ਕਰਦੀਆਂ ਸੀ। ਮੈਨੂੰ ਅੱਜ ਵੀ ਯਾਦ ਆ ਇੱਕ ਵਾਰੀ ਪੇਪਰਾਂ ਦੇ ਨਤੀਜਿਆਂ ਤੋਂ ਬਾਅਦ ਭੈਣ ਕਹਿੰਦੀ ਜਾ ਗੁਰੂ ਘਰ ਐਨੇ ਦੀ ਦੇਗ ਚੜ੍ਹਾ ਆ ਮੈਂ ਪੁੱਛਿਆ ਤੂੰ ਤਾਂ ਐਨੀ ਹੁਸ਼ਿਆਰ ਆ ਤੈਨੂੰ ਕੀ ਲੋੜ ਪੈ ਗਈ ਦੇਗ ਸੁੱਖਣ ਦੀ, ਜਾਹ ਮੈਂ ਨੀ ਜਾਂਦਾ। ਆਪਣਾ ਹਮੇਸ਼ਾ ਦੀ ਤਰ੍ਹਾਂ ਕੰਮ ਤੋਂ ਕੋਰਾ ਜਵਾਬ ਸੀ ਤਾਂ ਅੱਗੋਂ ਕਹਿੰਦੀ ਬੇਸ਼ਰਮਾ ਤੇਰੇ ਪਾਸ ਹੋਣ ਦੀ ਸੁੱਖ ਸੁੱਖੀ ਸੀ ਬਈ ਨਾਲਾਇਕ ਕਿਤੇ ਫ਼ੇਲ੍ਹ ਨਾ ਹੋਜੇ ਨਾਲ਼ੇ ਇੱਕ ਸਾਲ ਪਿੱਛੇ ਹੋਜੇਗਾ ਨਾਲ਼ੇ ਜਿਹੜੇ ਉੱਤੋਂ ਛਿੱਤਰ ਪੈਣੇ ਸੀ ਉਹ ਵੱਖਰੇ। ਇਹ ਸੀ ਸਾਡੀਆਂ ਨਿੱਕੀਆਂ ਭੈਣਾਂ ਦਾ ਪਿਆਰ ਅੱਜ ਵੀ ਬਾਹਰ ਬੈਠਿਆਂ ਇਹ ਗੱਲਾਂ ਯਾਦ ਕਰਦਿਆਂ ਅੱਖਾਂ ਚ ਪਾਣੀ ਆ ਜਾਂਦਾ। ਹੁਣ ਤਾ ਖ਼ੈਰ ਜ਼ਮਾਨਾ ਵਾਹਵਾ ਬਦਲ ਗਿਆ ਪਰ ਸਾਡੇ ਵਾਲੀ ਪੀੜ੍ਹੀ ਦੀਆਂ ਕੁੜੀਆਂ ਚਿੜੀਆਂ ਧੀਆਂ ਭੈਣਾਂ ਨੂੰ ਜਿੱਥੇ ਕਿਹਾ ਬੈਠ ਗਈਆਂ ਜੋ ਲਿਆ ਦਿੱਤਾ ਉਹ ਪਾ ਲਿਆ ਜੋ ਕਿਹਾ ਮੰਨ ਲਿਆ ਜਿੰਨਾ ਕਿਹਾ ਪੜ੍ਹ ਲਈਆਂ ਜਿਹਦੇ ਲੜ ਲਾਈਆਂ ਉਸਦੇ ਲੜ ਲੱਗ ਗਈਆਂ ਜਿੰਨਾ ਦਿੱਤਾ ਸਬਰ ਕਰ ਲਿਆ। ਹੁਣ ਭਾਵੇਂ ਉਨ੍ਹਾਂ ਦੇ ਆਪਣੇ ਪਰਿਵਾਰ ਆ ਪਰ ਧੀਆਂ ਭੈਣਾਂ ਕਦੇ ਪਿੱਛਾ ਨਹੀਂ ਭੁੱਲਦੀਆਂ ਆਪਣੇ ਪੇਕੇ ਆਪਣੇ ਮਾਪੇ ਭਰਾ ਭਤੀਜਿਆਂ ਨੂੰ ਅੰਤਾਂ ਦਾ ਮੋਹ ਕਰਦੀਆਂ ਉਨ੍ਹਾਂ ਦੀ ਸੁੱਖ ਲੋੜਦੀਆਂ। ਕਹਿਣ ਨੂੰ ਤਾਂ ਭਾਵੇਂ ਸਾਡੇ ਮੁਲਕ ‘ਚ ਕੁੜੀਆਂ ਵੀ ਬਰਾਬਰ ਦੀਆਂ ਮਾਲਕ ਆ ਪਰ ਅਸਲ ਚ ਕੇਰਾਂ ਵਿਆਹ ਵੇਲੇ ਜੋ ਦੇ ਦਿੱਤਾ ਦੇ ਦਿੱਤਾ ਫਿਰ ਅਗਲਾ ਹਾੜ੍ਹੀ ਸਉਣੀ ਦਿਨ ਤਿਉਹਾਰ ਨੂੰ ਦੋ ਸੂਟ ਬਣਾ ਛੱਡਦਾ ਪਰ ਇਹ ਫੇਰ ਵੀ ਸਬਰ ਕਰ ਲੈਂਦੀਆਂ ਮਾਪਿਆਂ ਦੇ ਦਿੱਤੇ ਇੱਕ ਨੂੰ ਲੱਖ ਕਰਕੇ ਜਾਣਦੀਆਂ ਅਗਲੇ ਘਰੇ ਇਹਨਾਂ ਦੀ ਚੱਲੇ ਨਾ ਚੱਲੇ ਘਰ ਵਾਲਾ ਚੰਗਾ ਸਮਝੇ ਨਾ ਸਮਝੇ ਧੀਆਂ ਪੁੱਤ ਸਤਿਕਾਰ ਦੇਣ ਨਾ ਦੇਣ ਇਹਨਾਂ ਦੀ ਕਿਸਮਤ। ਪਰ ਫਿਰ ਵੀ ਇਹਨਾਂ ਦੀ ਅਰਦਾਸ ਵੇਲੇ ਮਾਪਿਆਂ ਦੀ ਸੁੱਖ ਵੀ ਬਰਾਬਰ ਹੀ ਸ਼ਾਮਿਲ ਹੁੰਦੀ ਆ। ਆਪ ਭਾਵੇਂ ਭੁੱਲ ਜਾਈਏ ਪਰ ਭੈਣ ਦਾ ਹਰ ਦੂਜੇ ਤੀਜੇ ਦਿਨ ਸੁਨੇਹਾ ਹੁੰਦਾ ਕਿ ਕੀ ਕਰਦੇ ਸੀ ਭਾਬੀ ਕਿਵੇਂ ਆ ਗੁਰਅੰਸ਼ ਸਕੂਲ ਜਾਂਦਾ ਕਿ ਨਹੀਂ ਓਥੇ ਬੈਠੀ ਵੀ ਸਾਡਾ ਫ਼ਿਕਰ ਕਰਦੀ ਆ ਓਥੇ ਹਰ ਜਗ੍ਹਾ ਮੇਰੀ ਥਾਂ ਖੜ੍ਹਦੀ ਆ ਘਰਦਿਆਂ ਨੂੰ ਵਾਹ ਲਗਦੀ ਮੇਰੀ ਕਮੀ ਮਹਿਸੂਸ ਨੀ ਹੋਣ ਦਿੰਦੀ। ਹੁਣ ਬੀਬੀ ਆਈ ਤਾਂ ਭੈਣ ਨੇ ਸਾਡੇ ਦੋਵਾਂ ਪਿਓ ਪੁੱਤਾਂ ਲਈ ਇਕੋ ਜਿਹੇ ਬੁਣ ਕੇ ਸਵਾਟਰ ਭੇਜੇ ਆ। ਪੁੱਛਿਆ ਤਾਂ ਕਹਿੰਦੀ ਜਦੋਂ ਠੰਢ ਹੋਵੇ ਦੋਵੇਂ ਪਾ ਲਿਆ ਕਰੋ ਮੈਨੂੰ ਇਉਂ ਲੱਗੂ ਜਿਵੇਂ ਮੈਂ ਆਪਣੇ ਭਰਾ ਭਤੀਜੇ ਦੇ ਕੋਲ ਹੀ ਹੋਵਾਂ ਤੁਹਾਡੇ ਦਿਲ ਦੇ ਨੇੜੇ, ਨਾਲ਼ੇ ਜਦੋਂ ਪਾਇਆ ਕਰੋਗੇ ਵੇਖਿਆ ਕਰੋਗੇ ਯਾਦ ਤਾਂ ਕਰਿਆ ਹੀ ਕਰੋਗੇ ਭੁੱਲਦੇ ਤਾਂ ਨਹੀਂ। ਹੈ ਕਮਲੀ ਭਲਾਂ ਕੋਈ ਭੈਣਾਂ ਨੂੰ ਵੀ ਭੁੱਲ ਸਕਦਾ ਤੇ ਸੱਚ ਜਾਣਿਓ ਸਵਾਟਰ ਪਾ ਕੇ ਇਉਂ ਹੀ ਲਗਦਾ ਜਿਵੇਂ ਭੈਣ ਸੱਚੀ ਕੋਲ ਹੀ ਹੋਵੇ ਉਹੀ ਖ਼ੁਸ਼ਬੂ ਉਹੀ ਪਿਆਰ। ਪਿਓ ਪੁੱਤ ਸਵੇਰ ਦੇ ਪਾਈ ਫਿਰਦੇ ਆਂ ਲਾਉਣ ਨੂੰ ਜੀ ਨੀ ਕਰਦਾ, ਮਤਾ ਕਿਤੇ ਭੈਣ ਪਾਸੇ ਨਾ ਹੋ ਜੇ। ਪਤਾ ਨੀ ਕਿਉਂ ਗੱਚ ਜਾ ਭਰਿਆ ਪਿਆ। ਆਪਣਿਆਂ ਦੀ ਯਾਦ ਵਿਚ ਤਪਦੇ ਸੀਨੇ ਨੂੰ ਭੈਣ ਦੇ ਭੇਜੇ ਸਵੈਟਰ ਠੰਢੇ ਸ਼ਰਾਟਿਆਂ ਵਾਂਗ ਠਾਰੀ ਜਾਂਦੇ ਆ। ਪਿਆਰ ਦੇ ਨਿੱਘੇ ਸਵਾਟਰ ਠੰਢ ਨੇੜੇ ਨੀਂ ਲੱਗਣ ਦਿੰਦੇ। ਕੋਲ ਹੀ ਆ ਤੂੰ ਭੈਣ ਮੇਰੀਏ ਹਮੇਸ਼ਾ ਦੀ ਤਰ੍ਹਾਂ ਤੇਰੀ ਸੌਗਾਤ ਹਮੇਸ਼ਾ ਸੰਭਾਲ ਕੇ ਰੱਖਾਂਗੇ ਧੰਨਵਾਦ ਤੇਰਾ। ਛੇਤੀ ਮਿਲਣ ਆਵਾਂਗੇ ਭੈਣ ਮੇਰੀਏ ਹੁਣ ਕੋਟੀਆਂ ਬਣਾ ਕੇ ਰੱਖੀਂ। d ਹਰੀ ਕੇ ਕਲਾਂ +61430850045

Must Share With Your Friends...!

Comments

comments

Leave a Reply

Your email address will not be published. Required fields are marked *

*