ਕੌਮੀ ਇਨਸਾਫ਼ ਮੋਰਚੇ ’ਤੇ ਪੁਲਿਸ ਜਬਰ ਖ਼ਿਲਾਫ਼ ਪੀਐਸਯੂ ਵੱਲੋਂ ਰੋਸ ਪ੍ਰਦਰਸ਼ਨ : PSU holds protest against police repression at Qaumi Insaaf Morcha

 


ਚੰਡੀਗੜ੍ਹ ਵਿਖੇ ਬੰਦੀ ਸਿੰਘਾਂ ਅਤੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਪ੍ਰਦਰਸ਼ਨ ਉੱਪਰ ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਗਏ ਜਬਰ ਦੇ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ, ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਵਿਦਿਆਰਥੀ ਆਗੂਆਂ ਨੇ ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਹੀ ਪੰਜਾਬ ਦੀ ਹੱਦ ’ਚ ਵੜ ਕੇ ਚੰਡੀਗੜ੍ਹ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਉੱਤੇ ਕੀਤੇ ਗਏ ਲਾਠੀਚਾਰਜ, ਅੱਥਰੂ ਗੈਸ ਦੇ ਗੋਲਿਆਂ ਦੇ ਪ੍ਰਯੋਗ ਅਤੇ ਵਹਿਸ਼ੀਆਨਾ ਪੁਲਸੀਆ ਜਬਰ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਸਿੰਘ ਢਿੱਲਵਾਂ ਅਤੇ ਜ਼ਿਲ੍ਹਾ ਸਕੱਤਰ ਨੌਨਿਹਾਲ ਸਿੰਘ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ-ਆਰਐਸਐਸ ਸਰਕਾਰ ਘੱਟ ਗਿਣਤੀਆਂ ਅਤੇ ਜਮਹੂਰੀ ਆਵਾਜ਼ਾਂ ਖ਼ਿਲਾਫ਼ ਡੂੰਘੀ ਨਫ਼ਰਤ ਦੀ ਵਿਚਾਰਧਾਰਾ ਉੱਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਕੈਦੀਆਂ ਅਤੇ ਬੰਦੀ ਸਿੰਘਾਂ ਨੂੰ ਸਿਰਫ਼ ਇਸ ਲਈ ਜੇਲ੍ਹਾਂ ’ਚ ਰੋਲਿਆ ਜਾ ਰਿਹਾ ਹੈ ਕਿਉਂਕਿ ਉਹ ਘੱਟ ਗਿਣਤੀਆਂ ਅਤੇ ਲੋਕ-ਪੱਖੀ ਸਰੋਕਾਰਾਂ ਦੀ ਗੱਲ ਕਰਦੇ ਹਨ। ਆਗੂਆਂ ਨੇ ਅੱਗੇ ਕਿਹਾ ਕਿ ਉਮਰ ਖਾਲਿਦ ਵਰਗੇ ਬੁੱਧੀਜੀਵੀਆਂ ਅਤੇ ਇਨਸਾਫ਼ਪਸੰਦ ਲੋਕਾਂ ਨੂੰ ਬਿਨਾਂ ਕਿਸੇ ਠੋਸ ਕਾਰਨ ਦੇ ਜੇਲ੍ਹਾਂ ’ਚ ਕੈਦ ਰੱਖਣਾ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦਾ ਪ੍ਰਤੱਖ ਸਬੂਤ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਆਰਐਸਐਸ ਅਤੇ ਭਾਜਪਾ ਦੇਸ਼ ਦਾ ਮਾਹੌਲ ਖ਼ਰਾਬ ਕਰਕੇ ਫਿਰਕੂ ਤਣਾਅ ਪੈਦਾ ਕਰਨਾ ਚਾਹੁੰਦੀਆਂ ਹਨ ਤਾਂ ਜੋ ਬੁਨਿਆਦੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ। ਕਾਨੂੰਨੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਕਿਸੇ ਵਿਅਕਤੀ ਨੂੰ ਰਿਹਾਅ ਨਾ ਕਰਨਾ ਲੋਕਤੰਤਰ ਦਾ ਮਖੌਲ, ਸੰਵਿਧਾਨ ਦੀ ਤੌਹੀਨ ਅਤੇ ਨਾਗਰਿਕ ਅਧਿਕਾਰਾਂ ਦਾ ਉਲੰਘਣ ਹੈ। ਕਾਲਜ ਕਮੇਟੀ ਮੈਂਬਰ ਨਵਦੀਪ ਚੜ੍ਹੇਵਾਨ ਨੇ ਆਏ ਹੋਏ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਭਾਜਪਾ ਸਰਕਾਰ ਦੇਸ਼ ’ਚ ਹਰ ਕਿਸਮ ਦੀ ਜਮਹੂਰੀ ਆਜ਼ਾਦੀ ਨੂੰ ਖ਼ਤਮ ਕਰਨ ਤੇ ਤੁਲੀ ਹੋਈ ਹੈ, ਜਿਸਦੇ ਖ਼ਿਲਾਫ਼ ਸਭ ਨੂੰ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਰੋਸ ਪ੍ਰਦਰਸ਼ਨ ਦੌਰਾਨ ਗੌਰਵ, ਗੋਰੀ ਉਦੇਕਰਨ, ਵਸੀਮ ਕੋਟਲੀ, ਹਰਗੁਣਕੌਰ, ਹਰਮਨ ਸਿੰਘ ਅਤੇ ਖੁਸ਼ ਕਾਲੇਵਾਲਾ ਸਮੇਤ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ

Post a Comment

Previous Post Next Post